ਬਿਊਰੋ, ਪ੍ਰਾਈਮ ਪੋਸਟ ਪੰਜਾਬ
ਬਠਿੰਡਾ : ਸੀਆਈਏ-1 ਦੀ ਪੁਲਿਸ ਟੀਮ ਨੇ ਕਰੀਬ ਦੋ ਸਾਲ ਪਹਿਲਾਂ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਵਿੱਚ ਦੋਹਰੇ ਕਤਲ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਹੈਰੀ ਦੇ ਤਿੰਨ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਤਿੰਨੋਂ ਮੁਲਜ਼ਮਾਂ ਕੋਲੋਂ ਤਿੰਨ ਮਹਿੰਗੇ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਹਨ ਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਐਸਐਸਪੀ ਜੇ ਏਲੇਨਚੇਲੀਅਨ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸੀਆਈਏ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਤਿੰਨ ਸ਼ੂਟਰ ਕੈਂਟ ਨੇੜੇ ਰਿੰਗ ਰੋਡ ‘ਤੇ ਇੱਕ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਸੀਆਈਏ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕੀਤੀ ਤਾਂ ਸ਼ੂਟਰ ਹਨੀ, ਲੱਡੂ ਵਾਸੀ ਖੇਤਾ ਸਿੰਘ ਬਸਤੀ ਬਠਿੰਡਾ ਅਤੇ ਹੇਮੰਤ ਵਾਸੀ ਮੌੜ ਨੂੰ ਤਿੰਨ ਵੱਖ-ਵੱਖ ਮਹਿੰਗੇ ਵਿਦੇਸ਼ੀ ਹਥਿਆਰਾਂ ਸਮੇਤ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਗਏ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਮੁਲਜ਼ਮ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੋਰੀਅਰ ਡਿਲੀਵਰੀ ਵਾਲਾ ਬਣ ਕੇ ਮੋਗਾ ‘ਚ ਕਰਨਾ ਸੀ ਕਤਲ –
ਸੂਤਰਾਂ ਨੇ ਦੱਸਿਆ ਕਿ ਸੀਆਈਏ ਪੁਲਿਸ ਵੱਲੋਂ ਫੜੇ ਗਏ ਸ਼ੂਟਰ ਹਨੀ, ਹੇਮੰਤ, ਲੱਡੂ ਮੋਗਾ ਦੇ ਇੱਕ ਵੱਡੇ ਕਾਰੋਬਾਰੀ ਦਾ ਕਤਲ ਕਰਨ ਵਾਲੇ ਸਨ। ਇਸ ਦੇ ਲਈ ਦੋਸ਼ੀ ਨੇ ਪਹਿਲਾਂ ਵੀ ਦੋ ਵਾਰ ਰੇਕੀ ਕੀਤੀ ਸੀ। ਕੋਰੀਅਰ ਡਿਲੀਵਰੀ ਮੈਨ ਦੱਸ ਕੇ ਮੁਲਜ਼ਮ ਸ਼ਾਮ ਵੇਲੇ ਮੋਗਾ ਵਿੱਚ ਇੱਕ ਨਾਮੀ ਵਿਅਕਤੀ ਦੇ ਘਰ ਗਿਆ ਸੀ ਅਤੇ ਜਦੋਂ ਵਿਅਕਤੀ ਕੋਰੀਅਰ ਲੈਣ ਲਈ ਬਾਹਰ ਆਇਆ ਤਾਂ ਮੁਲਜ਼ਮ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ 455 ਬੋਰ ਦਾ ਪਿਸਤੌਲ, 30 ਬੋਰ ਦਾ ਤੁਰਕੀ ਦਾ ਬਣਿਆ, 9 ਐਮਐਮ ਦਾ ਵਿਦੇਸ਼ੀ ਮਹਿੰਗਾ ਹਥਿਆਰ ਬਰਾਮਦ ਕੀਤਾ ਹੈ।
ਦੁਬਈ ‘ਚ ਬੈਠੇ ਗੈਂਗਸਟਰਾਂ ਨੇ ਦੋਸ਼ੀਆਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ-
ਐਸਐਸਪੀ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਦੁਬਈ ਵਿੱਚ ਬੈਠੇ ਗੈਂਗਸਟਰ ਬਲਜੀਤ ਸਿੰਘ, ਪੰਜਾਬ ਤੋਂ ਬਾਹਰ ਬੈਠੇ ਹਰਜੀਤ ਹੈਰੀ ਅਤੇ ਸੁੱਖਾ ਦੁੱਨੇਕੇ ਨੇ ਹਥਿਆਰ ਮੁਹੱਈਆ ਕਰਵਾਏ ਸਨ। ਮੁਲਜ਼ਮ ਕੋਲੋਂ 455 ਬੋਰ ਦਾ ਰਿਵਾਲਵਰ ਮੇਡ ਇਨ ਅਮਰੀਕਾ ਹੈ।

