ਬਿਊਰੋ, ਪ੍ਰਾਈਮ ਪੋਸਟ ਪੰਜਾਬ
ਖੰਨਾ: ਲੁਧਿਆਣਾ ਦੇ ਖੰਨਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਉਬਲਦੇ ਪਾਣੀ ਦੀ ਬਾਲਟੀ ਵਿੱਚ ਡਿੱਗਣ ਨਾਲ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦਾ ਨਾਂ ਮਨਵੀਰ ਸਿੰਘ ਸੀ ਜੋ ਕਿ ਪਿੰਡ ਰੋਸਿਆਣਾ ਦਾ ਰਹਿਣ ਵਾਲਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੋਸੀਆਣਾ ਵਿੱਚ ਮਨਵੀਰ ਸਿੰਘ ਨੂੰ ਨਹਾਉਣ ਲਈ ਉਸ ਦੀ ਮਾਂ ਬਿਜਲੀ ਦੀ ਰਾਡ ਨਾਲ ਬਾਲਟੀ ਵਿੱਚ ਪਾਣੀ ਗਰਮ ਕਰਕੇ ਰਾਡ ਨੂੰ ਕਮਰੇ ਵਿੱਚ ਰੱਖਣ ਲਈ ਚਲੀ ਗਈ। ਬਾਲਟੀ ਫੜ ਕੇ ਪਿੱਛੇ ਖੜ੍ਹਾ ਮਨਵੀਰ ਸਿੰਘ ਬਾਲਟੀ ਦੇ ਵਿਚ ਡਿੱਗ ਗਿਆ।
ਬੁਰੀ ਤਰ੍ਹਾਂ ਝੁਲਸ ਗਏ ਮਨਵੀਰ ਨੂੰ ਪਹਿਲਾਂ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਥੋਂ ਹਾਲਤ ਨੂੰ ਦੇਖਦੇ ਹੋਏ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਰਾਜਿੰਦਰਾ ਹਸਪਤਾਲ ‘ਚ ਵੀ ਮਨਵੀਰ ਦੀ ਹਾਲਤ ‘ਚ ਸੁਧਾਰ ਨਹੀਂ ਹੋਇਆ, ਇਸ ਲਈ ਉਸ ਨੂੰ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ। ਪੀਜੀਆਈ ਵਿੱਚ ਇਲਾਜ ਦੌਰਾਨ ਮਨਵੀਰ ਦੀ ਮੌਤ ਹੋ ਗਈ।
ਇਸ ਸਬੰਧੀ ਜਦੋਂ ਪੁਲਿਸ ਚੌਕੀ ਸਿਆੜ ਦੇ ਇੰਚਾਰਜ ਤਰਵਿੰਦਰ ਕੁਮਾਰ ਬੇਦੀ ਨੇ ਦੱਸਿਆ ਕਿ ਪੁਲਿਸ ਨੂੰ ਬੱਚੇ ਦੀ ਮੌਤ ਸਬੰਧੀ ਹਸਪਤਾਲ ਤੋਂ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਬੱਚੇ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

