ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪਟਿਆਲਾ : ਪਟਿਆਲਾ ਦੇ ਨਾਭਾ ਰੋਡ ‘ਤੇ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਰਾਤ ਨੂੰ ਇਕ ਤੇਜ਼ ਰਫਤਾਰ ਸਕਾਰਪੀਓ ਨੇ ਸਾਈਕਲ ਸਵਾਰ ਨੌਜਵਾਨ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦਾ ਸਿਰ ਧੜ ਤੋਂ ਵੱਖ ਹੋ ਗਿਆ ਤੇ ਦੋਸ਼ੀ ਸਿਰ ਨੂੰ ਆਪਣੇ ਨਾਲ ਹੀ ਲੈ ਗਿਆ । ਘਟਨਾ ਦੇ ਇੱਕ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੌਜਵਾਨ ਦਾ ਸਿਰ ਬਰਾਮਦ ਨਹੀਂ ਕਰ ਸਕੀ।
ਪੁਲਿਸ ਨੇ ਸਕਾਰਪੀਓ ਗੱਡੀ ਬਰਾਮਦ ਕਰਨ ਦੇ ਨਾਲ ਹੀ ਚਾਲਕ ਸੁਖਮਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਉਹ ਫਰਾਰ ਹੈ। ਪੁਲਿਸ ਅਨੁਸਾਰ ਹਾਦਸੇ ਸਮੇਂ ਸਕਾਰਪੀਓ ਵਿੱਚ ਦੋ ਹੋਰ ਨੌਜਵਾਨ ਸਵਾਰ ਸਨ, ਜਿਨ੍ਹਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਜਾਂਚ ਅਧਿਕਾਰੀ ਲਖਬੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਤਫਜਲਪੁਰਾ ਦਾ ਰਹਿਣ ਵਾਲਾ ਨਵਦੀਪ ਕੁਮਾਰ (42) ਵੀਰਵਾਰ ਨੂੰ ਕਰੀਬ 12.15 ਵਜੇ ਸਾਈਕਲ ‘ਤੇ ਕੌਫੀ ਦੀ ਮਸ਼ੀਨ ਲੱਦ ਕੇ ਕੰਮ ਤੋਂ ਘਰ ਜਾ ਰਿਹਾ ਸੀ। ਉਹ ਪਾਰਟੀ ਵਿੱਚ ਕੌਫੀ ਦਾ ਸਟਾਲ ਲਗਾਉਂਦਾ ਸੀ। ਨਾਭਾ ਰੋਡ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਦੇ ਸ਼ੋਅਰੂਮ ਨੇੜੇ ਇਕ ਚਿੱਟੇ ਰੰਗ ਦੀ ਸਕਾਰਪੀਓ ਨੇ ਨਵਦੀਪ ਦੇ ਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਕੁਚਲ ਕੇ ਫਰਾਰ ਹੋ ਗਏ।
ਨੌਜਵਾਨ ਦਾ ਧੜ ਉੱਥੇ ਹੀ ਪਿਆ ਰਿਹਾ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪੁੱਜੀ ਪੁਲਿਸ ਦੇ ਲਾਸ਼ ਨੂੰ ਦੇਖਕੇ ਹੋਸ਼ ਉਡ ਗਏ।
ਸੜਕ ‘ਤੇ ਖੂਨ ਦੇ ਨਿਸ਼ਾਨ ਦੇਖ ਕੇ ਪੁਲਸ ਮੁਲਜ਼ਮਾਂ ਤੱਕ ਪਹੁੰਚੀ-
ਪੁਲਿਸ ਮੁਤਾਬਕ ਸੜਕ ‘ਤੇ ਖੂਨ ਅਤੇ ਟਾਇਰ ਦੇ ਨਿਸ਼ਾਨ ਸਨ। ਇਨ੍ਹਾਂ ਨਿਸ਼ਾਨਾਂ ’ਤੇ ਚੱਲਦਿਆਂ ਪੁਲੀਸ ਹਾਦਸੇ ਵਾਲੀ ਥਾਂ ਤੋਂ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪੁੱਜੀ ਅਤੇ ਫਿਰ ਹਰਜਿੰਦਰ ਨਗਰ ਪੁੱਜੀ, ਜਿੱਥੇ ਗੱਡੀ ਖਾਲੀ ਪਲਾਟ ਵਿੱਚ ਖੜ੍ਹੀ ਸੀ। ਕਾਰ ਦੀ ਨੰਬਰ ਪਲੇਟ ਟੁੱਟ ਗਈ। ਚੈਸੀ ਨੰਬਰ ਰਾਹੀਂ ਮਾਲਕ ਦਾ ਪਤਾ ਲਗਾਉਣ ਤੋਂ ਬਾਅਦ ਪੁਲਿਸ ਉਸ ਦੇ ਘਰ ਪਹੁੰਚੀ।
ਜਾਂਚ ਦੌਰਾਨ ਪਤਾ ਲੱਗਾ ਕਿ ਸੁਖਮਨ ਸਿੰਘ ਵਾਸੀ ਸਿੱਧੂ ਕਲੋਨੀ ਪਟਿਆਲਾ ਸਕਾਰਪੀਓ ਗੱਡੀ ਚਲਾ ਰਿਹਾ ਸੀ। ਪੁਲਿਸ ਅਨੁਸਾਰ ਹਾਦਸੇ ਦੇ ਸਮੇਂ ਸੁਖਮਨ ਸਮੇਤ ਦੋ ਹੋਰ ਲੜਕੇ ਕਾਰ ਵਿੱਚ ਕਾਫੀ ਰੌਲਾ ਪਾ ਰਹੇ ਸਨ ਅਤੇ ਉੱਚੀ ਆਵਾਜ਼ ਵਿੱਚ ਗੀਤ ਲਾਏ ਹੋਏ ਸਨ। ਪੁਲਿਸ ਅਨੁਸਾਰ ਪੁੱਛਗਿੱਛ ਤੋਂ ਬਾਅਦ ਬਾਕੀ ਦੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਨਾਮ ਦੱਸੇ ਜਾਣਗੇ।
ਰਿਸ਼ਤੇਦਾਰਾਂ ਦਾ ਇਲਜ਼ਾਮ, ਸਿਰ ਲੈ ਗਏ-
ਨਵਦੀਪ ਦੇ ਭਰਾ ਸੰਜੀਵ ਕੁਮਾਰ ਨੇ ਦੋਸ਼ ਲਾਇਆ ਕਿ ਮੁਲਜ਼ਮ ਉਸ ਦੇ ਭਰਾ ਦਾ ਸਿਰ ਆਪਣੇ ਨਾਲ ਲੈ ਗਏ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਮੁਲਜ਼ਮ ਬੋਲੈਰੋ ਅਤੇ ਸਕਾਰਪੀਓ ਵਿਚਕਾਰ ਰੇਸ ਕਰਵਾ ਰਹੇ ਸਨ। ਇਸ ਦੌਰਾਨ ਸਕਾਰਪੀਓ ਕਾਰ ਨੇ ਉਸ ਦੇ ਭਰਾ ਨਵਦੀਪ ਕੁਮਾਰ ਦੇ ਸਾਈਕਲ ਨੂੰ ਟੱਕਰ ਮਾਰ ਕੇ ਕੁਚਲ ਦਿੱਤਾ। ਇਲਜ਼ਾਮ ਹੈ ਕਿ ਮੁਲਜ਼ਮ ਜਾਂਦੇ ਸਮੇਂ ਉਸ ਦੇ ਭਰਾ ਦਾ ਸਿਰ ਵੀ ਨਾਲ ਲੈ ਗਿਆ।
ਕਾਰ ‘ਚ ਫਸਿਆ ਸਿਰ, ਸੁੱਟੇ ਜਾਣ ਦਾ ਸ਼ੱਕ :
ਪੁਲਿਸ ਥਾਣਾ ਤ੍ਰਿਪੜੀ ਦੇ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਨੌਜਵਾਨ ਦਾ ਸਿਰ ਕਾਰ ਵਿਚ ਫਸ ਗਿਆ, ਜਿਸ ਨੂੰ ਨੌਜਵਾਨਾਂ ਨੇ ਬਾਅਦ ਵਿਚ ਕਿਤੇ ਸੁੱਟ ਦਿੱਤਾ। ਸੁਖਮਨ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ।ਘਟਨਾ ਦੀ ਸੀਸੀਟੀਵੀ ਫੁਟੇਜ ਮਿਲੀ ਹੈ। ਸਿਰ ਦੀ ਭਾਲ ਜਾਰੀ ਹੈ ਤੇ ਮੁਲਜ਼ਮ ਵੀ ਜਲਦੀ ਹੀ ਫੜ ਲਏ ਜਾਣਗੇ, ਭਾਲ ਜਾਰੀ ਹੈ।

