ਸੰਜੀਵ ਜਿੰਦਲ ( ਬਿਊਰੋ ਪ੍ਰਾਈਮ ਪੋਸਟ )
ਮਾਨਸਾ 26 ਦਸੰਬਰ 2022 : ਸਿਹਤ ਬਲਾਕ ਖਿਆਲਾ ਕਲਾਂ ਵੱਲੋਂ ਸਮੂਦਾਇਕ ਸਿਹਤ ਕੇਂਦਰ ਅਤੇ ਅਧੀਨ ਸਿਹਤ ਸੰਸਥਾਵਾਂ ਵਿੱਚ ਬੱਚਿਆਂ ਨੂੰ ਨਮੂਨੀਆ ਤੋਂ ਬਚਾਅ ਲਈ ਚਲਾਏ ਜਾ ਰਹੇ ਸਾਂਸ ਪ੍ਰੋਗਰਾਮ ਤਹਿਤ ਬੱਚਿਆਂ ਚ ਨਮੂਨੀਆ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ । ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਨੇ ਦੱਸਿਆ ਕਿ ਸਰਦੀ ਦੇ ਮੌਸਮ ਵਿੱਚ ਪੰਜ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਨਮੂਨੀਆ ਜਲਦੀ ਪਕੜ ਵਿੱਚ ਲੈਂਦਾ ਹੈ। ਇਸ ਦਾ ਸਮੇਂ ਸਿਰ ਇਲਾਜ ਨਾਂ ਕਰਾਉਣ ਤੇ ਜਾਨਲੇਵਾ ਸਾਬਿਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਮੂਨੀਆ ਫੇਫੜਿਆਂ ਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ। ਦੇਸ ਚ ਪੰਜ ਸਾਲ ਤੋਂ ਘੱਟ ਉਮਰ ਚ ਬੱਚਿਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਬੱਚੇ ਚ ਤੇਜੀ ਨਾਲ ਖਾਂਸੀ ਜੁਕਾਮ ਵਧਣਾ,ਤੇਜੀ ਨਾਲ ਸਾਹ ਲੈਣਾ,ਪਸਲੀ ਚੱਲਣਾ ਜਾਂ ਛਾਤੀ ਦਾ ਥੱਲੇ ਧੱਸਣਾ , ਤੇਜ ਬੁਖਾਰ ਨਾਲ ਖਾ-ਪੀ ਨਾਂ ਸਕਣਾ, ਸੁਸਤੀ ਤੇ ਕਾਂਬਾ ਲੱਗਣਾ ਆਦਿ ਲੱਛਣ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਨਾਲ ਇਲਾਜ ਕਰਾਉਣਾ ਚਾਹੀਦਾ ਹੈ।ਇਸ ਤੋਂ ਬਚਾਅ ਲਈ ਸੰਪੂਰਨ ਟੀਕਾਕਰਨ, ਛੇ ਮਹੀਨੇ ਤੱਕ ਮਾਂ ਦਾ ਦੁੱਧ, ਛੇ ਮਹੀਨੇ ਬਾਅਦ ਮਾਂ ਦੇ ਦੁੱਧ ਨਾਲ ਓਪਰੀ ਖੁਰਾਕ, ਖਾਣਾ ਖੁਆਉਣ ਤੇ ਪਖਾਨਾ ਜਾਣ ਤੋਂ ਬਾਅਦ ਹੱਥ ਚੰਗੀ ਤਰਾਂ ਸਾਬਣ ਪਾਣੀ ਨਾਲ ਧੋਣੇ ਚਾਹੀਦੇ ਹਨ। ਬੱਚੇ ਨੂੰ ਮੋਟੇ ਕੱਪੜੇ ਪਹਿਨਾਉਣੇ ਚਾਹੀਦੇ ਹਨ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਸਾਂਸ ਪ੍ਰੋਗਰਾਮ ਤਹਿਤ ਸਿਹਤ ਸੰਸਥਾਵਾਂ ਅਤੇ ਪ੍ਰੈਸ ਕਵਰੇਜ ਰਾਂਹੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਚੈਨ ਦੀ ਸਾਹ ਲਵੇਗਾ ਬਚਪਨ, ਜਦੋਂ ਤੁਸੀਂ ਤੁਰੰਤ ਪਹਿਚਾਣੋਗੇ ਨਮੂਨੀਏ ਦੇ ਲੱਛਣ ਤਾਂ ਜੋ ਬੱਚਿਆਂ ਨੂੰ ਨਮੂਨੀਆ ਵਰਗੀ ਗੰਭੀਰ ਬਿਮਾਰੀ ਤੋਂ ਬਚਾਇਆ ਜਾ ਸਕੇ।

