ਬਿਊਰੋ, ਪ੍ਰਾਈਮ ਪੋਸਟ ਪੰਜਾਬ
ਜਲੰਧਰ, 8 ਦਸੰਬਰ 2022 : ਬੀਤੀ ਰਾਤ ਨੂੰ ਨਕੋਦਰ ਵਿੱਚ ਇੱਕ ਕੱਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਆਦਰਸ ਕਾਲੋਨੀ ਦੇ ਰਹਿਣ ਵਾਲੇ ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ ਟਿੰਪੀ ਦੀ ਰਾਇਲ ਟਾਵਰ ਕੋਲ ਦੁਕਾਨ ਸੀ। ਬੀਤੇ ਰਾਤ ਨੂੰ ਕਰੀਬ 8.30 ਵਜੇ ਦੁਕਾਨ ਉਤੇ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਵਿੱਚ ਕੱਪੜਾ ਵਪਾਰੀ ਨੂੰ ਮਿਲਿਆ ਗੰਨਮੈਨ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਜਲੰਧਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਕੱਪੜਾ ਵਪਾਰੀ ਤੋਂ ਗੈਂਗਸਟਰਾਂ ਨੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ, ਜਿਸ ਤੋਂ ਬਾਅਦ ਉਸ ਨੂੰ ਪੁਲਿਸ ਵੱਲੋਂ ਗੰਨਮੈਨ ਵੀ ਦਿੱਤਾ ਗਿਆ ਸੀ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਆਈਜੀ ਗੁਰਸ਼ਰਨ ਸਿੰਘ, ਐਸਐਸਪੀ ਸਵਰਨਦੀਪ ਸਿੰਘ, ਡੀਐਸਪੀ ਸਰਬਜੀਤ ਸਿੰਘ ਬਾਹੀਆ ਸਮੇਤ ਹੋਰ ਅਧਿਕਾਰੀ ਵੱਡੀ ਫੋਰਸ ਨਾਲ ਮੌਕੇ ਉਤੇ ਪਹੁੰਚ ਗਏ। ਪੁਲਿਸ ਨੇ ਗੈਂਗਸਟਰ ਇੰਦਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਦੇਖ ਰਹੀ ਹੈ।

