ਜ਼ਿਲ੍ਹੇ ’ਚ ਹੁਣ ਤੱਕ 2699 ਮਰੀਜ਼ਾਂ ਨੇ ਕੈਂਸਰ ਰਾਹਤ ਕੋਸ਼ ਯੋਜਨਾ ਤਹਿਤ 35 ਕਰੋੜ, 73 ਲੱਖ ਰੁਪਏ ਤੋਂ ਵਧੇਰੇ ਦਾ ਲਾਭ ਲਿਆ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ 4 ਦਸੰਬਰ 2022 : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਅਧੀਨ ਪੰਜਾਬ ਦੇ ਵਸਨੀਕ ਕੈਂਸਰ ਦੇ ਮਰੀਜ਼ ਵਿਅਕਤੀ ਦਾ ਡੇਢ ਲੱਖ ਰੁਪਏ ਤੱਕ ਦਾ ਇਲਾਜ਼ ਸਰਕਾਰੀ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਇਹ ਸਕੀਮ ਸਾਲ 2012 ਤੋਂ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਜ਼ਿਲ੍ਹਾ ਮਾਨਸਾ ਵਿਚ ਹੁਣ ਤੱਕ 2699 ਮਰੀਜ਼ਾਂ ਨੇ ਦਰਖਾਸਤਾਂ ਦਿੱਤੀਆਂ ਜੋ ਕਿ ਸਾਰੀਆਂ ਮਨਜ਼ੂਰ ਹੋ ਚੁੱਕੀਆਂ ਹਨ ਅਤੇ 35,73,22,560 (ਪੈਂਤੀ ਕਰੋੜ ਤਹੱਤਰ ਲੱਖ, ਬਾਈ ਹਜਾਰ, ਪੰਜ ਸੌ ਸੱਠ) ਰੁਪਏ ਦਾ ਇਲਾਜ ਕਰਾ ਕੇ ਲਾਭ ਪ੍ਰਾਪਤ ਕਰ ਲਿਆ ਹੈ।
ਸਿਵਲ ਸਰਜਨ, ਡਾ ਹਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਾਲ 2022 ਦੌਰਾਨ 53 ਵਿਅਕਤੀਆਂ ਨੇ ਦਰਖਾਸਤਾਂ ਦਿੱਤੀਆਂ ਅਤੇ 60,50,000( ਸੱਠ ਲੱਖ ਪੰਜਾਹ ਹਜਾਰ) ਰੁਪਏ ਦਾ ਲਾਭ ਲਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਛਾਤੀ ਵਿਚ ਗਿਲ੍ਹਟੀ, ਮਾਹਵਾਰੀ ਦੌਰਾਨ ਬਦਲਾਅ, ਵਾਰ ਵਾਰ ਖੂਨ ਆਉਣਾ, ਬੱਚੇਦਾਨੀ ਵਿੱਚ ਰਸੌਲੀ ਜਾਂ ਕੋਈ ਹੋਰ ਤਕਲੀਫ ਹੁੰਦੀ ਹੈ, ਤਾਂ ਉਹ ਨੇੜੇ ਦੇ ਹਸਪਤਾਲ ਵਿੱਚ ਜਾ ਕੇ ਆਪਣੇ ਟੈਸਟ ਕਰਵਾਉਣ। ਟੈਸਟ ਦੌਰਾਨ ਜੇਕਰ ਕਿਸੇ ਮਰੀਜ਼ ਨੂੰ ਕੈਂਸਰ ਦੀ ਨਿਸ਼ਾਨੀ ਸਾਹਮਣੇ ਆਉਂਦੀ ਹੈ ਤਾਂ ਉਸ ਦਾ ਇਲਾਜ਼ ਉਸ ਦਿਨ ਤੋਂ ਹੀ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਅਧੀਨ ਡੇਢ ਲੱਖ ਰੁਪਏ ਤੱਕ ਦਾ ਸਾਰੇ ਇਨਪੈਨਲਡ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਵਿੱਤੀ ਸਹਾਇਤਾ ਕੈਂਸਰ ਦੇ ਖਰਚੇ ਲਈ ਸਬੰਧਤ ਹਸਪਤਾਲ ਨੂੰ ਦਿੱਤੀ ਜਾਂਦੀ ਹੈ ਨਾ ਕਿ ਮਰੀਜ਼ ਨੂੰ।
ਉਨ੍ਹਾਂ ਦੱਸਿਆ ਕਿ ਫਸਲਾਂ ਉੱਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰਨਾ, ਕੈਂਸਰ ਤੇ ਇਸ ਦੇ ਮੁਢਲੇ ਚਿੰਨ੍ਹ ਦੀ ਜਲਦੀ ਪਹਿਚਾਣ, ਸ਼ਰਾਬ ਅਤੇ ਤੰਬਾਕੂ ਬੀੜੀ ਸਿਗਰਟ ਦੀ ਵਰਤੋਂ ਨਾ ਕਰਨਾ, ਸ਼ੱਕ ਪੈਣ ’ਤੇ ਸਮੇਂ ਸਿਰ ਜਾਂਚ ਕਰਾਉਣ ਨਾਲ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ, ਸ਼ਰਾਬ ਅਤੇ ਜ਼ਿਆਦਾ ਚਰਬੀ ਵਾਲੇ ਭੋਜਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਸਮੇਂ ਸਿਰ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਸਿਹਤਮੰਦ ਖ਼ੁਰਾਕ ਖਾਣੀ ਚਾਹੀਦੀ ਹੈ, ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਅਣਚਾਹੀ ਰਸੌਲੀ ਗਿਲ੍ਹਟੀ ਆਦਿ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਔਰਤਾਂ ਵਿੱਚ ਮਾਹਵਾਰੀ ਦੇ ਲੱਛਣਾਂ ਦੇ ਬਦਲਾਵ ਤੇ ਡਾਕਟਰ ਦੀ ਸਲਾਹ ਲੈਣੀ, ਆਪਣਾ ਆਲਾ ਦੁਆਲਾ ਸਾਫ ਰੱਖ ਕੇ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

