ਤੁਰੰਤ ਸਿੱਖਿਆ ਭਾਗ ਵਿੱਚ ਬਿਨਾਂ ਸ਼ਰਤ ਰੈਗੂਲਰ ਕਰਨ ਦੀ ਮੰਗ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮੌੜ, 14 ਨਵੰਬਰ 2022 : ਸਰਕਾਰ ਨੇ 15 ਸਤੰਬਰ 2022 ਨੂੰ ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਦਾ ਤੋਹਫ਼ਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਚੁੱਪੀ ਵੱਟ ਕੇ ਕੰਪਿਊਟਰ ਅਧਿਆਪਕਾਂ ਦੇ ਜ਼ਖਮਾਂ ਨੂੰ ਮੁੜ ਹਰਾ ਕਰ ਦਿੱਤਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਨੇ ਕੀਤਾ। ਡੀ ਟੀ ਐੱਫ ਬਲਾਕ ਮੌੜ ਦੇ ਅਸ਼ਵਨੀ ਕੁਮਾਰ ਸਕੱਤਰ ਜਗਦੀਪ ਸਿੰਘ ਅਤੇ ਮੀਤ ਪ੍ਰਧਾਨ ਗੁਰਜੀਤ ਸਿੰਘ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੰਪਿਊਟਰ ਅਧਿਆਪਕ 2005 ਤੋਂ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਹਨ। ਇਹਨਾਂ ਦੀ ਮੁੱਢਲੀ ਭਰਤੀ ਠੇਕੇ ‘ਤੇ ਸੀ। 2011 ਵਿੱਚ ਸਰਕਾਰ ਨੇ ਇਹਨਾਂ ਨੂੰ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੀਤਾ ਸੀ ਭਾਵੇਂ ਕਿ ਕੰਪਿਊਟਰ ਅਧਿਆਪਕਾਂ ਦੇ ਨਿਯੁਕਤੀ ਪੱਤਰਾਂ ਅਨੁਸਾਰ ਵਿਭਾਗੀ ਕਰਮਚਾਰੀਆਂ ਵਾਲੇ ਸਾਰੇ ਲਾਭ ਲਿਖਤੀ ਤੌਰ ਤੇ ਦਿੱਤੇ ਗਏ। ਪ੍ਰੰਤੂ ਇਹਨਾਂ ਨੂੰ ਰੈਗੂਲਰ ਕਰਮਚਾਰੀਆਂ ਵਾਲੇ ਬਹੁਤੇ ਲਾਭਾਂ ਜਿਵੇਂ ਛੁੱਟੀਆਂ, ਪੈਨਸ਼ਨ, ਪੇ – ਕਮਿਸ਼ਨ ਅਨੁਸਾਰ ਤਨਖਾਹ ਵਾਧੇ ਆਦਿ ਤੋਂ ਸੱਖਣਾ ਰੱਖਿਆ। ਇਹਨਾਂ ਅਧਿਆਪਕਾਂ ਦੇ ਸੰਘਰਸ਼ ਨੇ ਸਰਕਾਰ ਨੂੰ ਇਹਨਾਂ ਨੂੰ ਕੁਝ ਸਹੂਲਤਾਂ ਦੇਣ ਲਈ ਮਜ਼ਬੂਰ ਕੀਤਾ ਪ੍ਰੰਤੂ ਇਹਨਾਂ ਦੀ ਮੁੱਖ ਮੰਗ – ਸਾਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਨੂੰ ਹਰ ਪਾਰਟੀ ਦੀਆਂ ਸਰਕਾਰਾਂ ਨੇ ਅੱਖੋਂ ਪਰੋਖੇ ਕੀਤਾ। ਸਿੱਖਿਆ ਤੇ ਸਿਹਤ ਖੇਤਰ ਨੂੰ ਆਪਣੀ ਪਹਿਲ ਦੱਸਣ ਵਾਲੀ ਮੌਜੂਦਾ ਆਪ ਪਾਰਟੀ ਦੀ ਸਰਕਾਰ ਨੇ ਵੀ ਫੋਕੇ ਐਲਾਨ ਤੋਂ ਇਲਾਵਾ ਇਹਨਾਂ ਅਧਿਆਪਕਾਂ ਨੂੰ ਕੁਝ ਨਹੀਂ ਦਿੱਤਾ। ਅੱਜ ਦੇ ਡਿਜੀਟਲ ਯੁੱਗ ਵਿੱਚ ਕੰਪਿਊਟਰ ਸਿੱਖਿਆ ਦੀ ਮਹੱਤਤਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਜਿਹਨਾਂ ਅਧਿਆਪਕਾਂ ਨੇ ਇਹ ਸਿੱਖਿਆ ਦੇਣੀ ਹੈ ਉਹਨਾਂ ਦਾ ਆਪਣਾ ਵਰਤਮਾਨ ਅਤੇ ਭਵਿੱਖ ਸੁਰੱਖਿਅਤ ਨਹੀਂ ਹੈ। ਇੱਕੋ ਸਕੂਲ ਵਿੱਚ ਕੰਮ ਕਰਦੇ ਬਾਕੀ ਵਿਸ਼ਿਆਂ ਦੇ ਅਧਿਆਪਕ ਜਦੋਂ ਸਾਰੇ ਲਾਭ ਲੈ ਰਹੇ ਹੋਣ ਤਾਂ ਇਹਨਾਂ ਲਾਭਾਂ ਤੋਂ ਸੱਖਣੇ ਕੰਪਿਊਟਰ ਅਧਿਆਪਕਾਂ ਦੇ ਦਿਲ ਦਾ ਦਰਦ ਸਮਝਿਆ ਜਾ ਸਕਦਾ ਹੈ।
ਵਿੱਤ ਸਕੱਤਰ ਜਸਵੀਰ ਸਿੰਘ ਬਾਹੀਆ ਅਤੇ ਪ੍ਰੈਸ ਸਕੱਤਰ ਅਨੰਦ ਸਿੰਘ ਬਾਲ਼ਿਆਂਵਾਲ਼ੀ ਨੇ ਕਿਹਾ ਕਿ ਕਰੋਨਾ ਕਾਲ ਹੋਵੇ ਜਾਂ ਚੋਣਾਂ ਕੰਪਿਊਟਰ ਅਧਿਆਪਕਾਂ ਦੀਆਂ ਦਫ਼ਤਰਾਂ ਵਿੱਚ ਡਿਊਟੀ ਲਾ ਕੇ ਇਹਨਾਂ ਤੋਂ ਦੱਬ ਕੇ ਦਫ਼ਤਰੀ ਕੰਮ ਵੀ ਲਿਆ ਜਾਂਦਾ ਰਿਹਾ ਹੈ । ਮੌਜੂਦਾ ਪੰਜਾਬ ਸਰਕਾਰ ਇੱਕ ਪਾਸੇ ਤਾਂ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਟਰੇਨਿੰਗ ਦਿਵਾਉਣ ਦੀਆਂ ਗੱਲਾਂ ਕਰਦੀ ਹੈ ਪਰ ਦੂਜੇ ਪੈਸੇ ਕੰਪਿਊਟਰ ਵਰਗੇ ਮਹੱਤਵਪੂਰਨ ਵਿਸ਼ੇ ਦੇ ਅਧਿਆਪਕਾਂ ਲਈ ਉਸ ਕੋਲ ਸਿਰਫ ਐਲਾਨ ਹੀ ਹਨ ਜਦ ਕਿ ਅਸਲੀਅਤ ਵਿੱਚ ਸਰਕਾਰ ਕੰਪਿਊਟਰ ਅਧਿਆਪਕਾਂ ਦੇ ਲਿਖਤੀ ਨਿਯੁਕਤੀ ਪੱਤਰ ਲਾਗੂ ਕਰਨ ਤੋਂ ਵੀ ਟਾਲਾ ਵੱਟ ਰਹੀ ਹੈ । ਇਸ ਤੋਂ ਇਸ ਸਰਕਾਰ ਦੀਆਂ ਮਨਸ਼ਾ ਨੂੰ ਸਮਝਿਆ ਜਾ ਸਕਦਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਨਾਲ ਦੀਵਾਲੀ ਸਮੇਂ ਤੋਹਫਾ ਦੇਣ ਦਾ ਵਾਅਦਾ ਕਰਕੇ ਕੰਪਿਊਟਰ ਅਧਿਆਪਕਾਂ ਦੇ ਨਿਰਾਸ਼ਾ ਪੱਲੇ ਪਾਈ ਹੈ ਜਿਸ ਦੀ ਡੀ ਟੀ ਐੱਫ ਪੰਜਾਬ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ । ਅਸ਼ਵਨੀ ਕੁਮਾਰ ਬਲਾਕ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੀ ਜੱਥੇਬੰਦੀ ਪੂਰੀ ਤਰ੍ਹਾਂ ਕੰਪਿਊਟਰ ਅਧਿਆਪਕਾਂ ਦੇ ਨਾਲ਼ ਖੜ੍ਹੀ ਹੈ ਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਕੰਪਿਊਟਰ ਅਧਿਆਪਕਾਂ ਨੂੰ ਇਹਨਾਂ ਦੀ ਮੁੱਢਲੀ ਨਿਯੁਕਤੀ ਦੀ ਮਿਤੀ ਤੋਂ ਅਸਾਮੀਆਂ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ਼ ਕਰੇ ਤੇ ਉਸੇ ਮਿਤੀ ਤੋਂ ਬਣਦੇ ਸਾਰੇ ਲਾਭ ਇਹਨਾਂ ਅਧਿਆਪਕਾਂ ਨੂੰ ਦੇਵੇ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਜੱਥੇਬੰਦੀ ਕੰਪਿਊਟਰ ਅਧਿਆਪਕਾਂ ਵੱਲੋਂ ਵਿੱਢੇ ਕਿਸੇ ਵੀ ਸੰਘਰਸ਼ ਵਿੱਚ ਪੂਰੇ ਕਾਡਰ ਸਮੇਤ ਵਧ ਚੜ੍ਹ ਕੇ ਸਾਥ ਦੇਵੇਗੀ ਤੇ ਸਰਕਾਰ ਅਜਿਹੇ ਸੰਘਰਸ਼ ਲਈ ਤਿਆਰ ਰਹੇ।

