ਵਾਰਦਾਤ ਵਿੱਚ ਵਰਤੀ ਕਾਰ, ਬੇਸਬਾਲ ਅਤੇ ਮੋਬਾਇਲ ਫੋਨ ਕੀਤੇ ਬਰਾਮਦ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 13 ਨਵੰਬਰ 2022 : ਐਸਐਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 6.11.2022 ਦੀ ਰਾਤ ਨੂੰ ਪਿੰਡ ਬਰ੍ਹੇ ਵਿਖੇ ਨਾ-ਮਲੂਮ ਵਿਅਕਤੀਆਂ ਵੱਲੋਂ ਤੇਜ ਹਥਿਆਰਾਂ ਨਾਲ ਕੀਤੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਮਾਨਸਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਜਿਸਦੇ ਤਹਿਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤੀ ਕਾਰ (ਅਲਟੋ), ਬੇਸਬਾਲ ਅਤੇ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਅਫਸਰ ਥਾਣਾ ਬੋਹਾ ਪਾਸ ਬਲਕਾਰ ਸਿੰਘ ਉਰਫ ਕਾਲਾ ਪੁੱਤਰ ਜੋਰਾ ਸਿੰਘ ਵਾਸੀ ਬਰ੍ਹੇ ਨੇ ਬਿਆਨ ਦਰਜ ਕਰਵਾਇਆ ਕਿ ਉਸਦੇ ਭਰਾ ਜਗਤਾਰ ਸਿੰਘ ਦਾ ਮਿਤੀ 6.11.2022 ਨੂੰ ਰਾਤ ਕਰੀਬ 9:15 ਵਜੇ ਨਾ-ਮਾਲੂਮ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਜਿਸਤੇ ਮੁੱਖ ਅਫਸਰ ਥਾਣਾ ਬੋਹਾ ਵਲੋਂ ਮੁਕੱਦਮਾ ਨੰਬਰ 149 ਮਿਤੀ 7.11.2022 ਅ/ਧ 302, 34 ਹਿੰ.ਦੰ. ਥਾਣਾ ਬੋਹਾ ਬਰਖਿਲਾਫ ਨਾ-ਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਮਾਮਲੇ ਦੀ ਗੰਭਰੀਤਾ ਨੂੰ ਦੇਖਦੇ ਹੋਏ ਇਸ ਮੁਕੱਦਮੇ ਦੀ ਤਫਤੀਸ਼ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਨੂੰ ਸੌਂਪੀ ਗਈ। ਡਾ. ਬਾਲ ਕ੍ਰਿਸ਼ਨ ਸਿੰਗਲਾ ਪੀਪੀਐਸ ਕਪਤਾਨ ਪੁਲਿਸ (ਇੰਨਵੇ) ਮਾਨਸਾ ਦੀ ਅਗਵਾਈ ਹੇਠ ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਵੱਲੋਂ ਮੁੱਕਦਮੇ ਨੂੰ ਟਰੇਸ ਕਰਕੇ ਮੁਲਜ਼ਮ ਸੁਖਵੀਰ ਕੌਰ ਪੁੱਤਰੀ ਜਸਵਿੰਦਰ ਸਿੰਘ, ਹਰਵੀਰ ਸਿੰਘ ਉਰਫ ਪੀਸ਼ਾ ਪੁੱਤਰ ਜਸਵਿੰਦਰ ਸਿੰਘ ਵਾਸੀਆਨ ਮੌਜੋ ਖੁਰਦ, ਰਾਜਵਿੰਦਰ ਸਿੰਘ ਉਰਫ ਫੌਜੀ ਪੁੱਤਰ ਗੁਰਮੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਉਰਫ ਸੁੱਖੀ ਪੁੱਤਰ ਮਹਿੰਦਰ ਵਾਸੀਆਨ ਅਤਲਾ ਖੁਰਦ ਨੂੰ ਨਾਮਜ਼ਦ ਕੀਤਾ। ਦੌਰਾਨੇ ਤਫਤੀਸ਼ ਸਾਜਿਸ਼ ਰਚਤਾ ਸੁਖਵੀਰ ਕੌਰ ਅਤੇ ਮੁਲਜ਼ਮ ਹਰਵੀਰ ਸਿੰਘ ਉਰਫ ਪੀਸ਼ਾ ਨੂੰ ਮਿਤੀ 12.11.2022 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦੇ ਭਰਾ ਬਲਕਾਰ ਸਿੰਘ ਉਰਫ ਕਾਲਾ ਦਾ ਆਪਣੀ ਪਤਨੀ ਸੁਖਵੀਰ ਕੌਰ ਨਾਲ ਤਲਾਕ ਦਾ ਕੇਸ ਚੱਲਦਾ ਸੀ ਜੋ ਸੁਖਵੀਰ ਕੌਰ ਉਸ ਤੋਂ ਜਲਦੀ ਤਲਾਕ ਲੈਕੇ ਰਾਜਵਿੰਦਰ ਸਿੰਘ ਉਰਫ ਫੌਜੀ ਨਾਲ ਰਹਿਣਾ ਚਾਹੁੰਦੀ ਸੀ ਪ੍ਰੰਤੂ ਬਲਕਾਰ ਸਿੰਘ ਉਸਨੂੰ ਤਲਾਕ ਨਹੀਂ ਦੇ ਰਿਹਾ ਸੀ। ਜਿਸ ਕਰਕੇ ਸੁਖਵੀਰ ਕੌਰ ਨੇ ਰਾਜਵਿੰਦਰ ਸਿੰਘ ਉਰਫ ਫੌਜੀ ਨਾਲ ਸਾਜਿਸ਼ ਰਚ ਕੇ ਆਪਣੇ ਪਤੀ ਬਲਕਾਰ ਸਿੰਘ ਉਰਫ ਕਾਲਾ ਪਰ ਤਲਾਕ ਦੇਣ ਲਈ ਦਬਾਉ ਪਾਉਣ, ਡਰਾਉਣ ਧਮਕਾਉਣ ਅਤੇ ਕੁੱਟਮਾਰ ਕਰਨ ਲਈ ਆਪਣੇ ਭਰਾ ਹਰਵੀਰ ਸਿੰਘ ਉਰਫ ਪੀਸ਼ਾ ਅਤੇ ਸੁਖਪ੍ਰੀਤ ਸਿੰਘ ਉਰਫ ਸੁੱਖੀ ਨੂੰ ਰਾਜਵਿੰਦਰ ਸਿੰਘ ਉਰਫ ਫੌਜੀ ਨਾਲ ਅਲਟੋ ਕਾਰ ਪਰ ਪਿੰਡ ਬਰ੍ਹੇ ਭੇਜਿਆ ਸੀ ਜਿਹਨਾਂ ਨੇ ਪਿੰਡ ਬਰ੍ਹੇ ਬਲਕਾਰ ਸਿੰਘ ਉਰਫ ਕਾਲਾ ਦੇ ਘਰ ਦੇ ਗੇਟ ਪਰ ਪੁੱਜ ਕੇ ਉਸਨੂੰ ਅਵਾਜ ਮਾਰੀ, ਪ੍ਰੰਤੂ ਗੇਟ ਮ੍ਰਿਤਕ ਜਗਤਾਰ ਸਿੰਘ ਉਰਫ ਤਾਰੀ ਨੇ ਖੋਲ੍ਹਿਆ ਜਿਸਤੇ ਮੁਲਜ਼ਮਾਂ ਨੇ ਜਗਤਾਰ ਸਿੰਘ ਉਰਫ ਤਾਰੀ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ।
ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਬਾਕੀ ਰਹਿੰਦੇ ਮੁਲਜਿਮਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

