ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 10 ਨਵੰਬਰ 2022 : ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਦਾ ਅੱਜ ਸਵੇਰੇ ਫਰੀਦਕੋਟ ਵਿੱਚ ਕਤਲ ਕਰ ਦਿੱਤਾ ਗਿਆ। ਪ੍ਰਦੀਪ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਆਪਣੀ ਦੁਕਾਨ ਖੋਲ੍ਹ ਰਿਹਾ ਸੀ।ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਬਰਾੜ ਦੇ ਨਾਂ ‘ਤੇ ਸੋਸ਼ਲ ਮੀਡੀਆ ਪੋਸਟ ‘ਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਬੇਅਦਬੀ ਮਾਮਲੇ ‘ਚ ਇਨਸਾਫ ਨਹੀਂ ਮਿਲਿਆ, ਇਸ ਲਈ ਅਜਿਹਾ ਕਰਨਾ ਪਿਆ। ਉਸ ਨੇ ਗੰਨਮੈਨ ਦੇ ਜ਼ਖਮੀ ਹੋਣ ‘ਤੇ ਅਫਸੋਸ ਪ੍ਰਗਟ ਕੀਤਾ ਹੈ। ਇਹ ਪੋਸਟ ਗੋਲਡੀ ਬਰਾੜ ਨੇ ਪਾਈ ਜਾਂ ਕਿਸੇ ਹੋਰ ਨੇ, ਪੰਜਾਬ ਪੁਲਿਸ ਦਾ ਸਾਈਬਰ ਸੈੱਲ ਇਸ ਦੀ ਜਾਂਚ ਕਰ ਰਿਹਾ ਹੈ।

ਸੂਤਰਾਂ ਅਨੁਸਾਰ ਹਮਲਾਵਰ ਡੇਰਾ ਪ੍ਰੇਮੀ ਦਾ ਕਤਲ ਕਰਨ ਲਈ ਬਿਨਾਂ ਨੰਬਰ ਦੇ ਬਾਈਕ ‘ਤੇ ਆਏ ਸਨ। ਬਾਈਕ ਚੋਰੀ ਦੀ ਹੋਣ ਦੀ ਸੰਭਾਵਨਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰ ਨੇ ਡੇਰਾ ਪ੍ਰੇਮੀ ਦੇ ਕਤਲ ਦੀ ਯੋਜਨਾ ਬਣਾਈ ਸੀ। ਉਨ੍ਹਾਂ ਨੂੰ ਪਤਾ ਸੀ ਕਿ ਪ੍ਰਦੀਪ ਸਵੇਰੇ ਦੁਕਾਨ ਖੋਲ੍ਹਦਾ ਹੈ।ਹਮਲਾਵਰ ਉੱਥੇ ਘੁੰਮਦੇ ਰਹੇ ਅਤੇ ਉਸ ਦਾ ਇੰਤਜ਼ਾਰ ਕਰਦੇ ਰਹੇ। ਜਿਵੇਂ ਹੀ ਡੇਰਾ ਪ੍ਰੇਮੀ ਨੇ ਦੁਕਾਨ ਖੋਲ੍ਹੀ ਤਾਂ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਗੰਨਮੈਨ ਸਮੇਤ 3 ਲੋਕ ਜ਼ਖਮੀ ਹੋਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਨੇ ਚਾਰੇ ਪਾਸੇ ਨਾਕਾਬੰਦੀ ਕਰ ਕੇ ਅਲਰਟ ਜਾਰੀ ਕਰ ਦਿੱਤਾ ਹੈ।

