ਬਿਊਰੋ ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ: ਚੰਡੀਗੜ੍ਹ ਦੇ ਪਿੰਡ ਰਾਏਪੁਰ ਕਲਾਂ ਨੇੜੇ ਅੰਬਾਲਾ-ਚੰਡੀਗੜ੍ਹ ਰੇਲਵੇ ਟ੍ਰੈਕ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ ਵਿੱਚ ਆਉਣ ਨਾਲ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ। ਘਟਨਾ ਮੰਗਲਵਾਰ ਦੇਰ ਸ਼ਾਮ ਦੀ ਹੈ। ਤਿੰਨਾਂ ਦੀਆਂ ਲਾਸ਼ਾਂ ਨੂੰ ਅੱਜ ਹਸਪਤਾਲ ਵਿੱਚ ਰਖਵਾਇਆ ਗਿਆ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਾਜੂ 30 ਸਾਲ, ਪਤਨੀ ਸੋਨੀ 25 ਸਾਲ ਅਤੇ 3 ਮਹੀਨੇ ਦੀ ਬੇਟੀ ਸੋਨੀ ਵਜੋਂ ਹੋਈ ਹੈ। ਟਰੇਨ ਦੀ ਲਪੇਟ ‘ਚ ਆਉਣ ਨਾਲ ਤਿੰਨਾਂ ਦੀ ਮੌਤ ਹੋ ਗਈ ਹੈ।
ਇਹ ਪੂਰਾ ਪਰਿਵਾਰ ਚੰਡੀਗੜ੍ਹ ਦੇ ਪਿੰਡ ਮੱਖਣ ਮਾਜਰਾ ਵਿੱਚ ਰਹਿੰਦਾ ਸੀ ਅਤੇ ਮੂਲ ਰੂਪ ਤੋਂ ਯੂਪੀ ਦੇ ਬਿਜਨੌਰ ਜ਼ਿਲ੍ਹੇ ਦੇ ਝਿਰਨ ਪਿੰਡ ਦੇ ਰਹਿਣ ਵਾਲੇ ਹਨ, ਰਾਜੂ ਦੇ ਭਰਾ ਅਤੇ ਮਾਤਾ-ਪਿਤਾ ਪਿੰਡ ਵਿੱਚ ਰਹਿੰਦੇ ਹਨ।
ਪੁਲਿਸ ਅਨੁਸਾਰ ਪਿੰਡ ਰਾਏਪੁਰ ਕਲਾਂ ਨੇੜੇ ਜਨ ਸ਼ਤਾਬਦੀ ਸਾਢੇ ਪੰਜ ਵਜੇ ਦੇ ਕਰੀਬ ਲੰਘਦੀ ਦੀ ਹੈ। ਉਸੇ ਸਮੇਂ ਰਾਜੂ ਆਪਣੇ ਪਰਿਵਾਰ ਸਮੇਤ ਆਪਣੇ ਘਰ ਜਾ ਰਿਹਾ ਸੀ। ਰਾਏਪੁਰ ਕਲਾਂ ਨੇੜੇ ਟ੍ਰੈਕ ਦੇ ਹੇਠਾਂ ਗੰਦਾ ਨਾਲਾ ਹੋਣ ਕਾਰਨ ਲੋਕ ਆਮ ਤੌਰ ‘ਤੇ ਟ੍ਰੈਕ ਰਾਹੀਂ ਦੂਜੇ ਪਾਸੇ ਜਾਂਦੇ ਹਨ। ਜਿਵੇਂ ਹੀ ਰਾਜੂ ਆਪਣੇ ਪਰਿਵਾਰ ਨਾਲ ਟ੍ਰੈਕ ਪਾਰ ਕਰਨ ਲੱਗਾ ਤਾਂ ਰੇਲਗੱਡੀ ਆ ਗਈ ਤੇ ਤਿੰਨੋਂ ਉਸ ਦੀ ਲਪੇਟ ‘ਚ ਆ ਗਏ।

