ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 21 ਅਕਤੂਬਰ 2022 : ਸਬ ਡਵੀਜ਼ਨ ਸਰਦੂਲਗੜ੍ਹ ਵਿੱਚ ਪੈਂਦੇ ਕੁਝ ਪਿੰਡਾਂ ਕੁਸਲਾ, ਘੁੱਦੂਵਾਲਾ, ਜਟਾਣਾ ਖੁਰਦ ਵਿਚ ਸੇਮ/ਬਾਰਿਸ਼ਾਂ ਦੇ ਖੜ੍ਹੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸਬੰਧੀ ਐਸ.ਡੀ.ਐਮ. ਪੂਨਮ ਸਿੰਘ ਵੱਲੋਂ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਮੌਕੇ ਵਿਧਾਇਕ ਹਲਕਾ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਵਾਲੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਐਸ.ਡੀ.ਐਮ. ਪੂਨਮ ਸਿੰਘ ਨੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਿੰਡਾਂ ਦੇ ਖੇਤਾਂ ਵਿੱਚ ਬਾਰਿਸ਼ ਵਾਲੇ ਖੜ੍ਹੇ ਪਾਣੀ ਦੀ ਨਿਕਾਸੀ ਲਈ ਜਾਇਜ਼ਾ ਲਿਆ ਜਾਵੇ। ਉਨ੍ਹਾਂ ਭੂਮੀ ਰੱਖਿਆ ਵਿਭਾਗ ਨੂੰ ਵੀ ਇਸ ਰਕਬੇ ਦੇ ਅਧੀਨ ਜੋ ਉੱਚੇ ਟਿੱਬੇ ਹਨ ਉਨ੍ਹਾਂ ਦੀ ਮਿੱਟੀ ਚੁੱਕ ਕੇ ਨੀਵੇਂ ਰਕਬੇ ਵਿਚ ਪਾਉਣ ਸਬੰਧੀ ਤਜਵੀਜ਼ ਤਿਆਰ ਕਰਨ ਲਈ ਆਦੇਸ਼ ਜਾਰੀ ਕੀਤੇ।
ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪਾਣੀ ਦੀ ਨਿਕਾਸੀ ਸਬੰਧੀ ਮੋਟਰਾਂ ਨੂੰ ਨਿਰੰਤਰ ਚਾਲੂ ਕਰਨ ਲਈ ਬਿਜਲੀ ਦਾ ਕੁਨੈਕਸ਼ਨ ਜ਼ੋ ਮਨਜੂਰ ਕੀਤਾ ਹੋਇਆ ਹੈ ਨੂੰ ਲਾਈਨ ਪਾ ਕੇ ਚਾਲੂ ਕਰਨ ਦਾ ਉਪਰਾਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ੋ ਵੀ ਜਲਦੀ ਤੋਂ ਜਲਦੀ ਪਾਣੀ ਦੇ ਨਿਕਾਸ ਬਾਰੇ ਹੱਲ ਹੋ ਸਕਦਾ ਹੈ ਸਬੰਧਤ ਵਿਭਾਗ ਆਪਣੀ ਤਜਵੀਜ਼ ਬਣਾਉਣ ਤਾਂ ਜ਼ੋ ਇਨ੍ਹਾਂ ਪਿੰਡਾਂ ਦੇ ਵਸਨੀਕਾਂ/ਕਿਸਾਨਾਂ ਦੀਆਂ ਫਸਲਾਂ ਦਾ ਕੋਈ ਨੁਕਸਾਨ ਨਾ ਹੋਵੇ ਅਤੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਹਲ ਕੀਤਾ ਜਾ ਸਕੇ।

