ਨਿਊਜ਼ ਡੈਸਕ, ਪ੍ਰਾਈਮ ਪੋਸਟ ਪੰਜਾਬ
ਪੁਲਿਸ ਦੀ ਕਸਟੱਡੀ ਤੋਂ ਫਰਾਰ ਹੋਇਆ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਦੋਸ਼ੀ ਦੀਪਕ ਟੀਨੂ ਦੱਖਣੀ ਅਫਰੀਕਾ ਪਹੁੰਚ ਗਿਆ ਹੈ। ਟੀਨੂ ਗੈਂਗਸਟਰ ਲਾਰੈਂਸ ਦਾ ਖਾਸ ਸਾਥੀ ਹੈ। ਟੀਨੂ ਪੁਲਿਸ ਕਸਟੱਡੀ ਤੋਂ ਭੱਜਣ ਦੇ ਬਾਅਦ ਰਾਜਸਥਾਨ ਪਹੁੰਚਿਆ ਤੇ ਉਥੋਂ ਮੁੰਬਈ ਹੁੰਦੇ ਹੋਏ ਮਾਰੀਸ਼ਸ ਪਹੁੰਚਿਆ ਜਿਥੋਂ ਉਹ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਿਆ।
ਫਰਜ਼ੀ ਪਾਸਪੋਰਟ ਜ਼ਰੀਏ ਟੀਨੂ ਦੱਖਣੀ ਅਫਰੀਕਾ ਵਿੱਚ ਦਾਖਲ ਹੋਇਆ ਹੈ। ਇਸ ਤੋਂ ਪਹਿਲਾਂ ਲਾਰੈਂਸ ਦਾ ਭਰਾ ਤੇ ਭਾਣਜਾ ਵੀ ਜਾਅਲੀ ਪਾਸਪੋਰਟ ਦੀ ਮਦਦ ਨਾਲ ਦੁਬਈ ਭੱਜ ਚੁੱਕੇ ਹਨ। ਟੀਨੂ ਦਾ ਲੁਧਿਆਣਾ ਵਿਚ ਵੱਡਾ ਨੈਟਵਰਕ ਹੈ। ਟੀਨੂ ਲੁਧਿਆਣਾ ਵਿੱਚ ਨਾਜਾਇਜ਼ ਵਸੂਲੀ ਤੇ ਡਰੱਗਸ ਦਾ ਕਾਰੋਬਾਰ ਕਰਦਾ ਰਿਹਾ ਹੈ। ਟੀਨੂ ਨੂੰ ਭਜਾਉਣ ਵਾਲੇ ਦੋਸ਼ੀ ਲੁਧਿਆਣਾ ਦੇ ਹੀ 3 ਵਿਅਕਤੀ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ।

ਦੱਸ ਦੇਈਏ ਕਿ ਟੀਨੂ ਆਪਣੀ ਗਰਲਫ੍ਰੈਂਡ ਨਾਲ ਮਿਲੇ ਬਿਨਾਂ ਹੀ ਅਫਰੀਕਾ ਚਲਾ ਗਿਆ ਹੈ। ਰਾਜਸਥਾਨ ਤੱਕ ਦੋਵੇਂ ਇਕੱਠੇ ਸਨ। ਉਥੋਂ ਵੱਖ ਹੁੰਦੇ ਸਮੇਂ ਟੀਨੂ ਨੇ ਗਰਲਫ੍ਰੈਂਡ ਨੂੰ ਕਿਹਾ ਸੀ ਕਿ ਉਹ ਉਸ ਨੂੰ ਮੁੰਬਈ ਵਿਚ ਮਿਲੇਗਾ ਪਰ ਉਸ ਨੇ ਜਤਿੰਦਰ ਕੌਰ ਨਾਲ ਧੋਖਾ ਕੀਤਾ। ਟੀਨੂ ਉਸ ਨੂੰ ਮਿਲਣ ਦੀ ਬਜਾਏ ਸਿੱਧਾ ਮਾਰੀਸ਼ਸ ਦੇ ਰਸਤੇ ਸਾਊਥ ਅਫਰੀਕਾ ਭੱਜ ਗਿਆ ਤੇ ਜਤਿੰਦਰ ਕੌਰ ਨੂੰ ਪੁਲਿਸ ਨੇ ਫੜ ਲਿਆ।
ਜ਼ਿਕਰਯੋਗ ਹੈ ਕਿ ਦੀਪਕ ਟੀਨੂ ਸੀਆਈਏ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਦੇ ਸਰਕਾਰੀ ਘਰ ਤੋਂ ਫਰਾਰ ਹੋਇਆ। ਪ੍ਰਿਤਪਾਲ ਉਸ ਨੂੰ ਹਵਾਲਾਤ ਤੋਂ ਆਪਣੇ ਘਰ ਲੈ ਗਿਆ ਸੀ ਜਿਥੇ ਉਸ ਨੇ ਟੀਨੂ ਦੀ ਮੁਲਾਕਾਤ ਉਸ ਦੀ ਗਰਲਫ੍ਰੈਂਡ ਨਾਲ ਕਰਾਈ। ਇਸ ਦੌਰਾਨ ਪ੍ਰਿਤਪਾਲ ਇਕ ਕਮਰੇ ਵਿਚ ਸੌਂ ਗਿਆ। ਟੀਨੂ ਤੇ ਉਸ ਦੀ ਗਰਲਫ੍ਰੈਂਡ ਪਹਿਲਾਂ ਤੋਂ ਤੈਅ ਪਲਾਨਿੰਗ ਮੁਤਾਬਕ ਉਥੋਂ ਫਰਾਰ ਹੋ ਗਏ।

