ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 4 ਅਕਤੂਬਰ 2022 : ਮੂਸੇਵਾਲਾ ਕਤਲ ਕੇਸ ਦੀ ਸਾਜ਼ਿਸ਼ ਵਿੱਚ ਸ਼ਾਮਿਲ ਗੈਂਗਸਟਰ ਦੀਪਕ ਟੀਨੂ ਦੇ ਪੁਲਿਸ ਕਸਟੱਡੀ ਤੋਂ ਫਰਾਰ ਹੋਣ ਵਿੱਚ ਵੱਡਾ ਖੁਲਾਸਾ ਹੋਇਆ ਹੈ। ਮਾਨਸਾ ਪੁਲਿਸ ਦੇ ਸੀਆਈਏ ਸਟਾਫ ਦਾ ਇੰਚਾਰਜ ਪ੍ਰਿਤਪਾਲ ਸਿੰਘ ਗੈਂਗਸਟਰ ਨੂੰ ਗਰਲਫ੍ਰੈਂਡ ਨਾਲ ਮਿਲਵਾਉਣ ਲਈ ਲੈ ਗਿਆ ਸੀ। ਜਦੋਂ ਟੀਨੂ ਗਰਲਫ੍ਰੈਂਡ ਨਾਲ ਦੂਜੇ ਕਮਰੇ ਵਿੱਚ ਸੀ ਤਾਂ ਪ੍ਰਿਤਪਾਲ ਨੂੰ ਨੀਂਦ ਆ ਗਈ। ਇਹ ਦੇਖ ਕੇ ਟੀਨੂ ਉਥੋਂ ਗਰਲਫ੍ਰੈਂਡ ਨਾਲ ਫਰਾਰ ਹੋ ਗਿਆ।
ਪਤਾ ਲੱਗਾ ਹੈ ਕਿ 3 ਦਿਨ ਤੋਂ ਦੋਸ਼ੀ ਪੁਲਿਸ ਸਬ-ਇੰਸਪੈਕਟਰ ਗੈਂਗਸਟਰ ਨੂੰ ਬਾਹਰ ਲਿਆ ਰਿਹਾ ਸੀ ਜਿਸ ਦੌਰਾਨ ਗਰਲਫ੍ਰੈਂਡ ਨਾਲ ਉਸ ਦੀਆਂ ਮੁਲਾਕਾਤਾਂ ਹੁੰਦੀਆਂ ਸਨ। ਹਾਲਾਂਕਿ ਪੁਲਿਸ ਅਫਸਰ ਇਸ ਮੁੱਦੇ ‘ਤੇ ਕੁਝ ਵੀ ਨਹੀਂ ਦੱਸ ਰਹੇ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਆਈਜੀ ਗੁਰਮੀਤ ਚੌਹਾਨ ਨੇ ਇਸ ਦੀ ਜਾਂਚ ਦੀ ਗੱਲ ਕਹੀ ਹੈ।
ਜਾਣਕਾਰੀ ਮੁਤਾਬਕ ਦੀਪਕ ਟੀਨੂ ਨੂੰ ਫਰਾਰ ਕਰਾਉਣ ਦੀ ਪਲਾਨਿੰਗ ਵਿੱਚ ਗਰਲਫ੍ਰੈਂਡ ਵੀ ਸ਼ਾਮਿਲ ਹੈ। ਟੀਨੂ ਤੋਂ ਕੁਝ ਦਿਨ ਪਹਿਲਾਂ ਜੇਲ੍ਹ ਤੋਂ ਮੋਬਾਈਲ ਮਿਲਿਆ ਸੀ। ਉਸੇ ਤੋਂ ਫਰਾਰੀ ਦੀ ਪੂਰੀ ਪਲਾਨਿੰਗ ਕੀਤੀ ਗਈ। ਟੀਨੂ ਗਰਲਫ੍ਰੈਂਡ ਨੂੰ ਮਿਲਣ ਦੇ ਬਹਾਨੇ ਬਾਹਰ ਨਿਕਲਿਆ। ਜਿੱਥੇ ਪਹਿਲਾਂ ਤੋਂ ਗਰਲਫ੍ਰੈਂਡ ਤੇ ਦੂਜੇ ਸਾਥੀ ਕਵਰ ਦੇਣ ਲਈ ਤਿਆਰ ਸਨ। ਫਰਾਰ ਹੁੰਦੇ ਹੀ ਉਹ ਤੁਰੰਤ ਪੁਲਿਸ ਦੀ ਪਹੁੰਚ ਤੋਂ ਬਾਹਰ ਹੋ ਗਿਆ।

ਦੱਸ ਦੇਈਏ ਕਿ ਟੀਨੂ ਦੀ ਫਰਾਰੀ ਦੇ ਬਾਅਦ ਪੁਲਿਸ ਨੇ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਕਸਟੱਡੀ ਵਿੱਚ ਲੈ ਲਿਆ। ਉਸ ਖਿਲਾਫ ਕੇਸ ਦਰਜ ਕਰ ਲਿਆ। ਜਾਂਚ ਵਿੱਚ ਉਸ ਨੇ ਦੱਸਿਆ ਕਿ ਟੀਨੂ ਨੇ ਐੱਸਆਈ ਨੂੰ ਭਰੋਸੇ ਵਿੱਚ ਲੈ ਲਿਆ। ਟੀਨੂ ਨੇ ਕਿਹਾ ਕਿ ਉਹ ਏਕੇ 47 ਸਣੇ ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਕਰਾਏਗਾ। ਇਸ ਵਜ੍ਹਾ ਨਾਲ ਪ੍ਰਿਤਪਾਲ ਟੀਨੂ ਨੂੰ ਬਾਹਰ ਲੈ ਕੇ ਗਿਆ। ਇਸ ਬਾਰੇ ਪ੍ਰਿਤਪਾਲ ਨੇ ਨਾ ਤਾਂ ਕਿਸੇ ਸੀਨੀਅਰ ਅਫਸਰ ਨੂੰ ਦੱਸਿਆ ਤੇ ਨਾ ਹੀ ਰਿਕਾਰਡ ਵਿੱਚ ਕੁੱਝ ਦਰਜ ਕੀਤਾ।
ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਜਿਸ ਜਗ੍ਹਾ ਤੋਂ ਗੈਂਗਸਟਰ ਦੀਪਕ ਟੀਨੂ ਭੱਜਿਆ, ਪੁਲਿਸ ਉਸ ਦੀ ਜਾਂਚ ਕਰ ਰਹੀ ਹੈ। ਸਬ-ਇੰਸਪੈਕਟਰ ਪ੍ਰਿਤਪਾਲ ਪਹਿਲਾਂ ਵੀ ਗੈਂਗਸਟਰ ਨੂੰ ਇਸੇ ਤਰ੍ਹਾਂ ਬਿਨਾਂ ਕਿਸੇ ਨੂੰ ਦੱਸੇ ਬਾਹਰ ਲੈ ਗਿਆ, ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।
ਪੁਲਿਸ ਸੂਤਰਾਂ ਦੀ ਮੰਨੀਏ ਤਾਂ ਥਾਣਾ ਇੰਚਾਰਜ ਪ੍ਰਿਤਪਾਲ ਕੋਲੋਂ ਦੋ ਮੋਬਾਈਲ ਬਰਾਮਦ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਮੋਬਾਈਲ ਵਿੱਚ ਦੀਪਕ ਦੇ ਗੈਂਗਸਟਰ ਦੀ ਗਰਲਫਰੈਂਡ ਦਾ ਨੰਬਰ ਵੀ ਮਿਲਿਆ ਹੈ, ਆਖਿਰ ਉਸ ਦੇ ਮੋਬਾਈਲ ਵਿੱਚ ਉਸ ਦੀ ਪ੍ਰੇਮਿਕਾ ਦਾ ਨੰਬਰ ਕਿਉਂ ਸੀ, ਜੋ ਕਿ ਜਾਂਚ ਦਾ ਵਿਸ਼ਾ ਹੈ ਅਤੇ ਵਿਜੀਲੈਂਸ ਨੇ ਪ੍ਰਿਤਪਾਲ ਦਾ ਮੋਬਾਈਲ ਲੈ ਕੇ ਫੋਰੈਂਸਿਕ ਟੀਮ ਨੂੰ ਦੇਣ ਦੀ ਗੱਲ ਕਹੀ ਹੈ, ਪੂਰਾ ਡਾਟਾ ਚੈੱਕ ਕੀਤਾ ਜਾ ਰਿਹਾ ਹੈ ਕਿ ਕਿਸ ਨਾਲ, ਕੀ ਹੋਇਆ, ਕੀ ਮਾਮਲਾ ਸੀ, ਇਸ ‘ਤੇ ਵੀ ਕੰਮ ਕੀਤਾ ਜਾ ਰਿਹਾ ਹੈ।

