ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 2 ਅਕਤੂਬਰ 2022 : ਗੁਰਮੀਤ ਸਿੰਘ ਚੌਹਾਨ, ਆਈਪੀਐਸ. ਏਆਈਜੀ ਅਤੇ ਗੌਰਵ ਤੂਰਾ ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਮੁੱਕਦਮਾ ਨੰਬਰ 218 ਮਿਤੀ 22.08.2019 ਅ/ਧ 302 , 34 ਹਿੰ:ਦੰ: ਥਾਣਾ ਸਰਦੂਲਗੜ੍ਹ ਦੇ ਦੋਸ਼ੀ ਦੀਪਕ ਉਰਫ ਟੀਨੂ ਪੁੱਤਰ ਅਨਿਲ ਕੁਮਾਰ ਵਾਸੀ ਜੈਨ ਚੌਂਕ ਭਿਵਾਨੀ (ਹਰਿਆਣਾ) ਨੂੰ ਮਾਨਸਾ ਪੁਲਿਸ ਵੱਲੋਂ ਮੁੱਕਦਮਾ ਉਕਤ ਵਿੱਚ ਮਿਤੀ 27.09.2022 ਨੂੰ ਪ੍ਰੋਡਕਸ਼ਨ ਵਰੰਟ ਪਰ ਸੈਂਟਰਲ ਜੇਲ੍ਹ, ਸ੍ਰੀ ਗੋਇੰਦਵਾਲ ਸਾਹਿਬ ਤੋਂ ਲਿਆ ਕੇ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਅਤੇ ਇਸ ਨੂੰ ਬੰਦ ਹਵਾਲਾਤ ਸੀ.ਆਈ.ਏ. ਸਟਾਫ ਮਾਨਸਾ ਕਰਵਾਇਆ ਗਿਆ ਸੀ। ਜੋ ਇਹ ਦੋਸ਼ੀ ਦੀਪਕ ਉਰਫ ਟੀਨੂੰ ਦੇ ਇੰਚਾਰਜ ਸੀ. ਆਈ.ਏ. ਸਟਾਫ ਮਾਨਸਾ ਦੀ ਹਿਰਾਸਤ ਵਿੱਚੋਂ ਭੱਜਣ ਕਰਕੇ ਥਾਣਾ ਸਿਟੀ-1 ਮਾਨਸਾ ਵਿਖੇ ਮੁੱਕਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਉਨ੍ਹਾਂ ਦੱਸਿਆ ਹੈ ਕਿ ਮਿਤੀ 01/02-10-2022 ਦੀ ਦਰਮਿਆਨੀ ਰਾਤ ਨੂੰ ਦੋਸ਼ੀ ਦੀਪਕ ਉਰਫ ਟੀਨੂੰ ਉਕਤ ਐਸ.ਆਈ. ਪ੍ਰਿਤਪਾਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਦੀ ਹਿਰਾਸਤ ਵਿੱਚੋਂ ਭੱਜ ਗਿਆ ਸੀ, ਉਕਤ ਦੇ ਭੱਜਣ ਸਬੰਧੀ ਐਸ.ਆਈ. ਪ੍ਰਿਤਪਾਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਦੀ ਸਮੂਲੀਅਤ ਪਾਏ ਜਾਣ ਤੇ ਮੁੱਕਦਮਾ ਨੰਬਰ 164 ਮਿਤੀ 2-10-2022 ਅ/ਧ 222, 224, 225-ਏ,120-ਬੀ ਹਿੰ:ਦੰ: ਥਾਣਾ ਸਿਟੀ-1 ਮਾਨਸਾ ਬਰਖਿਲਾਫ ਦੀਪਕ ਉਰਫ ਟੀਨੂ ਉਕਤ ਅਤੇ ਐਸ.ਆਈ. ਪ੍ਰਿਤਪਾਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਕਦਮਾ ਉਕਤ ਵਿੱਚ ਐਸ.ਆਈ. ਪ੍ਰਿਤਪਾਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਮੁੱਕਦਮਾ ਦੀ ਤਫਤੀਸ ਦੌਰਾਨ ਦੋਸੀ ਦੀਪਕ ਉਰਫ ਟੀਨੂੰ ਨੂੰ ਭਜਾਉਣ ਦੀ ਸਾਜਿਸ ਵਿੱਚ ਸਾਮਿਲ ਹੋਰ ਵਿਅਕਤੀਆਂ ਸਬੰਧੀ ਤਸਦੀਕ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੋਸ਼ੀ ਦੀਪਕ ਉਰਫ ਟੀਨੂ ਦੀ ਤਲਾਸ਼ ਜਾਰੀ ਹੈ ਅਤੇ ਇਸਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

