ਬਿਊਰੋ, ਪ੍ਰਾਈਮ ਪੋਸਟ ਪੰਜਾਬ
ਗੁਰਦਾਸਪੁਰ, 1 ਅਕਤੂਬਰ 2022 : ਪਿਟਬੁੱਲ ਨੇ ਪੰਜ ਪਿੰਡਾਂ ਦੇ 12 ਲੋਕਾਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। 15 ਕਿਲੋਮੀਟਰ ਦੇ ਘੇਰੇ ਵਿੱਚ ਜੋ ਵੀ ਉਸ ਦੇ ਰਾਹ ਵਿੱਚ ਆਇਆ, ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕਈ ਪਸ਼ੂ ਵੀ ਉਸ ਦਾ ਨਿਸ਼ਾਨਾ ਬਣ ਗਏ। ਜਦੋਂ ਉਸ ਨੇ ਸੇਵਾਮੁਕਤ ਕਪਤਾਨ ‘ਤੇ ਹਮਲਾ ਕੀਤਾ ਤਾਂ ਉਨ੍ਹਾਂ ਨੇ ਹੋਰ ਲੋਕਾਂ ਦੀ ਮੱਦਦ ਨਾਲ ਡੰਡੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਜ਼ਖ਼ਮੀਆਂ ਨੂੰ ਗੁਰਦਾਸਪੁਰ ਅਤੇ ਦੀਨਾਨਗਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਪਿਟਬੁੱਲ ਨੇ ਸਭ ਤੋਂ ਪਹਿਲਾਂ ਪਿੰਡ ਤੰਗੋਸ਼ਾਹ ਨੇੜੇ ਭੱਠੇ ‘ਤੇ ਕੰਮ ਕਰਦੇ ਦੋ ਮਜ਼ਦੂਰਾਂ ਨੂੰ ਵੱਢਿਆ।ਉਨ੍ਹਾਂ ਕਿਸੇ ਤਰ੍ਹਾਂ ਉਸ ਨੂੰ ਬੰਨ੍ਹ ਲਿਆ ਪਰ ਬਾਅਦ ਵਿੱਚ ਉਹ ਉੱਥੋਂ ਛੁੱਟ ਕੇ ਚਲਾ ਗਿਆ ਅਤੇ ਦੇਰ ਰਾਤ 12.30 ਵਜੇ ਪਿੰਡ ਰਾਂਝੇ ਦੇ ਕੋਠੇ ਪਹੁੰਚ ਗਿਆ। ਇੱਥੇ ਹਵੇਲੀ ‘ਚ ਸੌਣ ਦੀ ਤਿਆਰੀ ਕਰ ਰਹੇ ਬਜ਼ੁਰਗ ਦਿਲੀਪ ਕੁਮਾਰ ‘ਤੇ ਹਮਲਾ ਕਰ ਦਿੱਤਾ। ਦਿਲੀਪ ਉਸ ਤੋਂ ਬਚਣ ਲਈ ਭੱਜਿਆ ਪਰ ਪਿਟਬੁੱਲ ਨੇ ਪਿੱਛਾ ਕਰਕੇ ਉਸ ਨੂੰ ਵੱਢ ਲਿਆ ਤੇ ਜ਼ਖਮੀ ਕੀਤਾ।

ਇਸ ਤੋਂ ਬਾਅਦ ਪਿਟਬੁੱਲ ਨੇ ਇਸ ਪਿੰਡ ਦੇ ਬਲਦੇਵ ਰਾਜ ਦੇ ਵੱਛੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਉੱਥੋਂ ਪਿਟਬੁੱਲ ਘਰੋਟਾ ਰੋਡ ਵੱਲ ਭੱਜਿਆ ਅਤੇ ਰਸਤੇ ਵਿੱਚ ਕਈ ਪਸ਼ੂਆਂ ਨੂੰ ਵੱਢਦਾ ਰਿਹਾ। ਫਿਰ ਭੱਠੇ ‘ਤੇ ਪਹੁੰਚ ਕੇ ਨੇਪਾਲੀ ਚੌਕੀਦਾਰ ਰਾਮਨਾਥ ‘ਤੇ ਹਮਲਾ ਕਰ ਦਿੱਤਾ।ਇਸ ਤੋਂ ਬਾਅਦ ਪਿਟਬੁੱਲ ਪਿੰਡ ਛਨੀ ਪਹੁੰਚਿਆ ਅਤੇ ਉਥੇ ਸੁੱਤੇ ਪਏ ਮੰਗਲ ਸਿੰਘ ਨੂੰ ਵੱਢ ਲਿਆ।ਅੱਜ ਸਵੇਰੇ 5 ਵਜੇ ਦੇ ਕਰੀਬ ਪਿਟਬੁੱਲ ਕੁੰਡੇ ਪਿੰਡ ਪਹੁੰਚਿਆ ਅਤੇ ਉਥੇ ਸੈਰ ਕਰ ਰਹੇ ਨੰਬਰਦਾਰ ਗੁਲਸ਼ਨ ਕੁਮਾਰ, ਧਰਮ ਚੰਦ ਅਤੇ ਉਸ ਦੀ ਪਤਨੀ ਦਰਸ਼ਨਾ ਦੇਵੀ, ਅਸ਼ੋਕ ਸ਼ਰਮਾ, ਵਿਭੀਸ਼ਨ ਕੁਮਾਰ ਅਤੇ ਗੋਪੀ ਸ਼ਰਮਾ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਹ ਪਿੰਡ ਚੌਹਾਣਾ ਪਹੁੰਚਿਆ ਅਤੇ ਖੇਤਾਂ ‘ਚ ਸੈਰ ਕਰ ਰਹੇ ਫੌਜ ਦੇ ਸੇਵਾਮੁਕਤ ਕਪਤਾਨ ਸ਼ਕਤੀ ਸਲਾਰੀਆ ‘ਤੇ ਹਮਲਾ ਕਰਕੇ ਉਸ ਦੀ ਬਾਂਹ ‘ਤੇ ਕੱਟ ਲਿਆ। ਹਿੰਮਤ ਦਿਖਾਉਂਦੇ ਹੋਏ ਸਲਾਰੀਆ ਨੇ ਹੱਥ ਵਿੱਚ ਫੜੀ ਸੋਟੀ ਕੁੱਤੇ ਦੇ ਮੂੰਹ ਵਿੱਚ ਪਾ ਦਿੱਤੀ। ਫਿਰ ਪਿੰਡ ਦੇ ਲੋਕ ਉਥੇ ਪਹੁੰਚ ਗਏ ਅਤੇ ਸਲਾਰੀਆ ਨਾਲ ਮਿਲ ਕੇ ਕੁੱਤੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

