ਬਿਉੂਰੋ, ਪ੍ਰਾਈਮ ਪੋਸਟ ਪੰਜਾਬ
ਮੋਹਾਲੀ, 23 ਸਤੰਬਰ 2022 : ਮੋਹਾਲੀ ਦੇ ਫੇਜ 9 ਵਿੱਚ 2 ਨੌਜਵਾਨਾਂ ਨੂੰ ਪੁਲਿਸ ਵੱਲੋਂ ਜ਼ਬਰੀ ਕੁੱਟਣ ਦੇ ਮਾਮਲੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ, ਜਦੋਂ ਕਿ ਹੋਰ ਪੁਲਿਸ ਮੁਲਾਜ਼ਮ ਖਿਲਾਫ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ। ਫੇਜ਼ 9 ਵਾਸੀ ਹਰਵਿੰਦਰ ਸਿੰਘ ਪਾਰਕ ਵਿੱਚ ਬੈਠਿਆ ਮੋਬਾਇਲ ਉਤੇ ਵੀਡੀਓ ਦੇਖ ਰਿਹਾ ਸੀ। ਇਸ ਦੌਰਾਨ ਪਾਰਕ ਵਿੱਚ ਸਿਵਲ ਕੱਪੜਿਆਂ ਵਿੱਚ ਆਏ ਦੋ ਪੁਲਿਸ ਮੁਲਾਜ਼ਮਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਉਨ੍ਹਾਂ ਨੂੰ ਲੱਗਿਆ ਕਿ ਹਰਵਿੰਦਰ ਸਿੰਘ ਉਨ੍ਹਾਂ ਦੀ ਵੀਡੀਓ ਬਣਾ ਰਿਹਾ ਹੈ। ਇਸ ਤੋਂ ਬਾਅਦ ਦੋਵਾਂ ਪੁਲਿਸ ਮੁਲਾਜ਼ਮਾਂ ਨੇ ਪਹਿਲਾਂ ਮੋਬਾਇਲ ਖੋਹ ਕੇ ਤੋੜ ਦਿੱਤਾ, ਫਿਰ ਉਸਦੀ ਕੁੱਟਮਾਰ ਕੀਤੀ। ਜਦੋਂ ਉਸਦਾ ਭਾਈਚਾਰਾ ਮੱਦਦ ਲਈ ਪਹੁੰਚਿਆ ਤਾਂ ਆਰੋਪੀਆਂ ਨੇ ਉਸ ਦੀ ਵੀ ਕੁੱਟਮਾਰ ਕੀਤੀ।
ਇਸ ਤੋਂ ਬਾਅਦ 7-8 ਪੁਲਿਸ ਮੁਲਾਜ਼ਮ ਦੋਵਾਂ ਪੀੜਤਾਂ ਨੂੰ ਫੜ੍ਹਕੇ ਇਕ ਨਿੱਜੀ ਗੱਡੀ ਰਾਹੀਂ ਥਾਣੇ ਲੈ ਗਏ ਜਿੱਥੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਬਾਅਦ ਵਿੱਚ ਜਬਰਦਸਤੀ ਰਾਜੀਨਾਮਾ ਲਿਖਵਾ ਕੇ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਪੀੜਤ ਨੌਜਵਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਆਪਣੀ ਸ਼ਿਕਾਇਤ ਭੇਜੀ।
ਇਸ ਤੋਂ ਬਾਅਦ ਪੁਲਿਸ ਨੇ ਦੋ ਪੁਲਿਸ ਮੁਲਾਜ਼ਮਾਂ ਹਵਲਦਾਰ ਹਰਪ੍ਰੀਤ ਸਿੰਘ ਅਤੇ ਕਾਂਸਟੇਬਲ ਸੁਪਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਤੋਂ ਇਲਾਵਾ ਪੀੜਤਾਂ ਨੂੰ ਥਾਣੇ ਲੈ ਕੇ ਜਾਣ ਵਿੱਚ ਦੋਸ਼ੀਆਂ ਦੀ ਮਦਦ ਕਰਨ ਦੇ ਮਾਮਲੇ ਵਿੱਚ ਪੁਲਿਸ ਮੁਲਾਜ਼ਮਾਂ ਖਿਲਾਫ ਵਿਭਾਗੀ ਜਾਂਚ ਹੋਵੇਗੀ।

