ਬਿਊਰੋ ਪ੍ਰਾਈਮ ਪੋਸਟ ਪੰਜਾਬ
ਲੁਧਿਆਣਾ, 6 ਸਤੰਬਰ 2022 : ਚੰਡੀਗੜ੍ਹ ਰੋਡ ‘ਤੇ ਫੋਰਟਿਸ ਹਸਪਤਾਲ ਨੇੜੇ ਸੋਮਵਾਰ ਦੇਰ ਰਾਤ ਇੱਕ ਪਰਿਵਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ‘ਚ ਜੀਜਾ-ਸਾਲੀ ਸਣੇ 3 ਬੱਚੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਕਾਰ ਚਾਲਕ ਦੀ ਪਤਨੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ CMC ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਥਾਣਾ ਫੋਕਲ ਪੁਆਇੰਟ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਾਦਸੇ ‘ਚ ਪੁਰਾਣੀ ਮਾਧੋਪੁਰੀ ਵਾਸੀ ਰਾਜੇਸ਼ ਕੁਮਾਰ, ਉਸ ਦੀ 5 ਸਾਲਾਂ ਧੀ ਜੈਸਮੀਨ ਅਤੇ ਉਸ ਦੀ ਸਾਲੀ ਸੰਜਨਾ ਵਾਸੀ ਪ੍ਰਤਾਪ ਨਗਰ, ਉਸ ਦੀਆਂ ਦੋ ਧੀਆਂ ਮਾਹੀ (5) ਅਤੇ ਖੁਸ਼ੀ (3) ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਦੂਜੇ ਪਾਸੇ ਰਾਜੇਸ਼ ਦੀ ਪਤਨੀ ਪ੍ਰਿਆ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਪਰਿਵਾਰ ਚੰਡੀਗੜ੍ਹ ਤੋਂ ਫੈਮਿਲੀ ਫੰਕਸ਼ਨ ਵਿੱਚ ਸ਼ਾਮਲ ਹੋ ਕੇ ਦੇਰ ਰਾਤ ਘਰ ਪਰਤ ਰਿਹਾ ਸੀ। ਇਹ ਹਾਦਸਾ ਚੰਡੀਗੜ੍ਹ ਰੋਡ ‘ਤੇ ਫੋਰਟਿਸ ਹਸਪਤਾਲ ਨੇੜੇ 2:30 ਵਜੇ ਦੇ ਕਰੀਬ ਵਾਪਰਿਆ। ਤੇਜ਼ ਰਫ਼ਤਾਰ ਕਾਰਨ ਕਾਰ ਡਿਵਾਈਡਰ ਨਾਲ ਟਕਰਾ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਸ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ‘ਚ ਮੌਜੂਦ 6 ਲੋਕਾਂ ਚੋਂ 5 ਲੋਕਾਂ ਡਰਾਈਵਰ, ਔਰਤ ਅਤੇ 3 ਬੱਚੀਆਂ ਦੀ ਮੌਤ ਹੋ ਗਈ।
ਥਾਣਾ ਫੋਕਲ ਪੁਆਇੰਟ ਅਧੀਨ ਪੈਂਦੀ ਪੁਲਿਸ ਚੌਕੀ ਜੀਵਨ ਨਗਰ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪੁੱਜੇ, ਜਿੱਥੇ ਕਾਰ ਬੁਰੀ ਤਰ੍ਹਾਂ ਟੁੱਟੀ ਹੋਈ ਸੀ। ਉਨ੍ਹਾਂ ਦੱਸਿਆ ਕਿ ਜਾਂਚ ਕਰਨ ‘ਤੇ ਇਹ ਸਾਹਮਣੇ ਆਇਆ ਹੈ ਕਿ ਕਾਰ ਦੀ ਸਪੀਡ 100 ਤੋਂ ਵੱਧ ਸੀ।

