ਬਿਊਰੋ, ਪ੍ਰਾਈਮ ਪੋਸਟ ਪੰਜਾਬ
ਖਡੂਰ ਸਾਹਿਬ, 4 ਸਤੰਬਰ 2022 : ਪੰਜਾਬ ਲਈ ਨਸ਼ਾ ਸਰਾਪ ਬਣ ਗਿਆ ਹੈ ।ਜਿਸ ਦਾ ਕਾਲਾ ਸਾਇਆ ਪੰਜਾਬ ਦੇ ਕਿੰਨੇ ਹੀ ਪਰਿਵਾਰਾਂ ਤੇ ਪਿਆ ਹੋਇਆ ਹੈ ਤੇ ਹਰ ਰੋਜ਼ ਕਿਸੇ ਨਾ ਕਿਸੇ ਘਰ ਵਿੱਚ ਸੱਥਰ ਵਿਛ ਰਹੇ ਹਨ, ਉਹ ਵੀ ਸਿਰਫ਼ ਇਸ ਨਸ਼ੇ ਕਾਰਨ । ਇੱਕ ਮੰਦਭਾਗੀ ਖ਼ਬਰ ਹਲਕਾ ਖਡੂਰ ਸਾਹਿਬ ਦੇ ਪਿੰਡ ਧੁੰਨ ਢਾਏ ਵਾਲਾ ਤੋਂ ਸਾਹਮਣੇ ਆਈ ਹੈ , ਜਿੱਥੇ ਇਸ ਨਸ਼ੇ ਦੇ ਦੈਂਤ ਨੇ ਇਕੋ ਘਰ ਦੇ 2 ਚਿਰਾਗ ਬੁਝਾ ਦਿੱਤੇ । ਦੋਵਾਂ ਭਰਾਵਾਂ ਦੀ ਇੱਕ ਦਿਨ ਦੇ ਵਕਫੇ ਵਿੱਚ ਨਸ਼ੇ ਕਰਕੇ ਮੌਤ ਹੋ ਗਈ। ਅੰਗਰੇਜ਼ ਸਿੰਘ ਨਾਂ ਦੇ ਨੌਜਵਾਨ ਦੀ ਬੀਤੇ ਵੀਰਵਾਰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਸੀ। ਜਿਸਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਸਾਹਿਬ ਦੇ ਭੋਗ ਸ਼ਨੀਵਾਰ ਨੂੰ ਪਾਏ ਜਾਣੇ ਸਨ ਕਿ ਛੋਟੇ ਭਰਾ ਗੁਰਮੇਲ ਸਿੰਘ ਦੀ ਵੀ ਨਸ਼ੇ ਦੀ ਓਵਰਡੋਜ਼ ਨੇ ਜਾਨ ਲੈ ਲਈ ਤੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਧੁੰਨ ਢਾਏ ਵਾਲਾ ਦੇ ਕਿਸਾਨ ਮੁਖਤਿਆਰ ਸਿੰਘ ਦੇ ਦੋ ਪੁੱਤਰ ਸਨ। ਅੰਗਰੇਜ਼ ਸਿੰਘ (23) ਅਤੇ ਗੁਰਮੇਲ ਸਿੰਘ (21) ਗੁਜਰਾਤ ਦੇ ਮੁੰਦਰਾ ਸ਼ਹਿਰ ਵਿੱਚ ਕੰਮ ਕਰਦੇ ਸਨ। ਦੋਵੇਂ ਪੁੱਤਰ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ੇ ਦੇ ਆਦੀ ਹੋ ਗਏ। ਮੁਖਤਿਆਰ ਸਿੰਘ ਦੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ। ਜਿਸ ਕਾਰਨ ਉਸ ਨੂੰ ਸਟੰਟ ਪਾਇਆ ਗਿਆ ਸੀ।

ਗੁਜਰਾਤ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਮੁਖਤਿਆਰ ਸਿੰਘ ਦੇ ਵੱਡੇ ਪੁੱਤਰ ਅੰਗਰੇਜ਼ ਸਿੰਘ (23) ਦੀ ਵੀਰਵਾਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਪਰਿਵਾਰ ਨੇ ਬਿਨਾਂ ਕੋਈ ਪੁਲਿਸ ਕਾਰਵਾਈ ਕੀਤੇ ਅੰਗਰੇਜ਼ ਸਿੰਘ ਦਾ ਸਸਕਾਰ ਕਰਵਾ ਦਿੱਤਾ। ਸ਼ੁੱਕਰਵਾਰ ਨੂੰ ਦੁਪਹਿਰ ਚੋਹਲਾ ਸਾਹਿਬ ਵਿਖੇ ਅੰਗਰੇਜ਼ ਸਿੰਘ ਦੇ ਛੋਟੇ ਭਰਾ ਗੁਰਮੇਲ ਸਿੰਘ (21) ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।ਗੁਰਮੇਲ ਸਿੰਘ ਦਾ ਵਿਆਹ ਦਸ ਮਹੀਨੇ ਪਹਿਲਾਂ ਹੋਇਆ ਸੀ। ਸ਼ੁੱਕਰਵਾਰ ਨੂੰ ਪਰਿਵਾਰ ਨੇ ਇਹ ਕਹਿੰਦੇ ਹੋਏ ਕਾਨੂੰਨੀ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦਾ ਘਰ ਨਸ਼ੇ ਨਾਲ ਤਬਾਹ ਹੋ ਗਿਆ ਹੈ, ਹੁਣ ਕਾਨੂੰਨੀ ਕਾਰਵਾਈ ਦਾ ਕੋਈ ਫਾਇਦਾ ਨਹੀਂ ਹੈ।
