ਚਾਰ ਕਾਤਲ ਕਤਲ ਵਾਲੀ ਥਾਂ ਤੋਂ 10 ਕਿਲੋਮੀਟਰ ਦੂਰ ਖੇਤ ਵਿੱਚ ਇੱਕ ਘੰਟੇ ਤੱਕ ਲੁਕੇ ਰਹੇ
ਪੀਸੀਆਰ ਕਾਰ ਵੀ ਉਥੋਂ ਲੰਘੀ ਪਰ ਬੋਲੈਰੋ ਦੇ ਕੋਲ ਬਿਨਾ ਰੁਕੇ ਚਲੀ ਗਈ
ਕਤਲ ਲਈ ਲਿਆਂਦੇ ਗਏ ਹਥਿਆਰ ਵਾਰਦਾਤ ਵਾਲੀ ਥਾਂ ਦੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਲੁਕਾਏ ਗਏ ਸਨ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 1 ਸਤੰਬਰ 2022 : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡਾ ਖੁਲਾਸਾ ਕੀਤਾ ਹੈ। ਮੂਸੇਵਾਲਾ ਦੇ 6 ਸੂਟਰਾਂ ਵਿੱਚੋਂ 4 ਕਾਤਲ ਕਤਲ ਵਾਲੀ ਥਾਂ ਤੋਂ 10 ਕਿਲੋਮੀਟਰ ਦੂਰ ਪਿੰਡ ਖਿਆਲਾ ਦੇ ਖੇਤਾਂ ਵਿੱਚ ਇੱਕ ਘੰਟੇ ਤੱਕ ਲੁਕੇ ਰਹੇ।
ਜੇਕਰ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੁੰਦੀ ਤਾਂ ਕਾਤਲ ਉਸੇ ਦਿਨ ਹੀ ਫੜੇ ਜਾ ਸਕਦੇ ਸਨ। ਇਸ ਦੌਰਾਨ ਪੀਸੀਆਰ ਕਾਰ ਵੀ ਉਥੋਂ ਲੰਘੀ ਪਰ ਬੋਲੈਰੋ ਦੇ ਕੋਲ ਬਿਨਾ ਰੁਕੇ ਚਲੀ ਗਈ। ਦਿੱਲੀ ਪੁਲਿਸ ਨੇ ਇਹ ਸੂਚਨਾ ਪੰਜਾਬ ਪੁਲਿਸ ਨੂੰ ਭੇਜੀ ਹੈ।ਇਸ ਦੇ ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਮੂਸੇਵਾਲਾ ਦੇ ਕਤਲ ਲਈ ਲਿਆਂਦੇ ਗਏ ਹਥਿਆਰ ਵਾਰਦਾਤ ਵਾਲੀ ਥਾਂ ਦੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਲੁਕਾਏ ਗਏ ਸਨ। ਇਸ ਦਾ ਜ਼ਿਕਰ ਪੰਜਾਬ ਪੁਲਿਸ ਨੇ ਚਾਰਜਸ਼ੀਟ ਵਿੱਚ ਕੀਤਾ ਹੈ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਸੁਰੱਖਿਆ ਪੱਖੋਂ ਅਣਗਹਿਲੀ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਉਸ ਸਮੇਂ ਕਈ ਖਾਮੀਆਂ ਵੀ ਸਾਹਮਣੇ ਆਈਆਂ ਹਨ। ਦਿੱਲੀ ਪੁਲਿਸ ਮੁਤਾਬਕ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਬਲੇੈਰੋ ਮਾਡਿਊਲ ਸ਼ੂਟਰ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਦੀਪਕ ਮੁੰਡੀ ਅਤੇ ਕਸ਼ਿਸ਼ ਹਰਿਆਣਾ ਵੱਲ ਭੱਜ ਗਏ।

ਇਸ ਦੌਰਾਨ ਉਨ੍ਹਾਂ ਨੇ ਪਿੱਛਿਓਂ ਇੱਕ ਪੀਸੀਆਰ ਗੱਡੀ ਨੂੰ ਆਉਂਦੇ ਦੇਖਿਆ। ਜਿਸ ਕਾਰਨ ਉਹ ਰਸਤਾ ਭਟਕ ਕੇ ਪਿੰਡ ਖਿਆਲਾ ਵੱਲ ਚਲੇ ਗਏ। ਉਥੇ ਉਨ੍ਹਾਂ ਦੀ ਬਲੈਰੋ ਫਸ ਗਈ। ਉਹ ਬਲੈਰੋ ਛੱਡ ਕੇ ਨਾਲ ਵਾਲੇ ਖੇਤ ਵਿੱਚ ਜਾ ਲੁਕੇ। ਇਸ ਦੌਰਾਨ ਪੀਸੀਆਰ ਕਾਰ ਬਿਨਾਂ ਰੁਕੇ ਉਥੋਂ ਲੰਘ ਗਈ।ਚਾਰ ਸ਼ੂਟਰਾਂ ਦੇ ਉਥੇ ਫਸ ਜਾਣ ਤੋਂ ਬਾਅਦ ਉਨ੍ਹਾਂ ਨੇ ਸਿਗਨਲ ਐਪ ਰਾਹੀਂ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਫੋਨ ਕੀਤਾ। ਬਰਾੜ ਨੇ ਤੁਰੰਤ ਕੇਸ਼ਵ ਨੂੰ ਫ਼ੋਨ ਕੀਤਾ। ਕੇਸ਼ਵ ਮਾਨਸਾ ਤੋਂ 3 ਕਿਲੋਮੀਟਰ ਦੂਰ ਆਪਣੀ ਕ੍ਰੇਟਾ ਕਾਰ ਵਿੱਚ ਸ਼ੂਟਰਾਂ ਦੀ ਉਡੀਕ ਕਰ ਰਿਹਾ ਸੀ। ਕੇਸ਼ਵ ਨੇ ਦੱਸਿਆ ਕਿ ਉਸ ਨੂੰ ਸ਼ੂਟਰਾਂ ਤੱਕ ਪਹੁੰਚਣ ਵਿੱਚ ਇੱਕ ਘੰਟਾ ਲੱਗ ਸਕਦਾ ਸੀ। ਬਾਅਦ ਵਿੱਚ ਉਹ ਸਾਰੇ ਕੇਸ਼ਵ ਨਾਲ ਫਰਾਰ ਹੋ ਗਏ।

ਖਾਸ ਗੱਲ ਇਹ ਹੈ ਕਿ ਜਿਸ ਮੋਬਾਈਲ ਰਾਹੀਂ ਇਨ੍ਹਾਂ ਸ਼ੂਟਰਾਂ ਨੇ ਗੋਲਡੀ ਨਾਲ ਗੱਲ ਕੀਤੀ, ਉਸ ਨੂੰ ਤੋੜ ਕੇ ਉੱਥੇ ਹੀ ਨਸ਼ਟ ਕਰ ਦਿੱਤਾ।ਇਸ ਖੁਲਾਸੇ ਤੋਂ ਬਾਅਦ ਪੰਜਾਬ ਪੁਲਿਸ ‘ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਨੇ ਸਹੀ ਢੰਗ ਨਾਲ ਨਾਕਾਬੰਦੀ ਨਹੀਂ ਕੀਤੀ। ਨਾ ਤਾਂ ਮਾਨਸਾ ਨੂੰ ਸੀਲ ਕੀਤਾ ਗਿਆ ਅਤੇ ਨਾ ਹੀ ਪੰਜਾਬ ਦੀਆਂ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਸੀਲ ਕੀਤਾ ਗਿਆ। ਇਸ ਕਾਰਨ ਬਲੇੈਰੋ ਮੋਡਿਊਲ ਦੇ ਚਾਰ ਸ਼ੂਟਰ ਪਹਿਲਾਂ ਹਰਿਆਣਾ ਅਤੇ ਫਿਰ ਗੁਜਰਾਤ ਭੱਜਣ ਵਿੱਚ ਕਾਮਯਾਬ ਹੋ ਗਏ।

ਉਧਰ, ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਕਿ ਮੂਸੇਵਾਲਾ ਦੇ ਕਤਲ ਦਾ ਪਤਾ ਲੱਗਦਿਆਂ ਹੀ ਕਤਲ ਵਾਲੀ ਥਾਂ ਅਤੇ ਹਸਪਤਾਲ ’ਤੇ ਹੋਰ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਨਾ ਵਿਗੜੇ।ਪੁਲਿਸ ਨੇ ਇਹ ਵੀ ਜਾਂਚ ਨਹੀਂ ਕੀਤੀ ਕਿ ਨਾਕਾਬੰਦੀ ਅਤੇ ਪੀ.ਸੀ.ਆਰ. ਨੇ ਲਾਪਰਵਾਹੀ ਕਿਉਂ ਵਰਤੀ।
