ਬਿਊਰੋ, ਪ੍ਰਾਈਮ ਪੋਸਟ ਪੰਜਾਬ
ਮੋਹਾਲੀ, 1 ਸਤੰਬਰ 2022 : ਕਾਂਗਰਸ ਦੇ ਸਾਬਕਾ ਮੰਤਰੀ ਰਮੇਸ਼ ਦੱਤ ਸ਼ਰਮਾ ਦੇ ਪੁੱਤਰ ਨਰਿੰਦਰ ਸ਼ਰਮਾ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨਰਿੰਦਰ ਸ਼ਰਮਾ ਆਪਣੇ ਪਰਿਵਾਰ ਨਾਲ ਸੈਕਟਰ-68 ’ਚ ਰਹਿ ਰਿਹਾ ਸੀ ਅਤੇ ਆਪਣੇ ਕਾਰੋਬਾਰ ਤੋਂ ਪ੍ਰੇਸ਼ਾਨ ਸੀ। ਨਰਿੰਦਰ ਨੂੰ ਉਸਦੇ ਪਰਿਵਾਰ ਵਾਲੇ ਫੋਰਟਿਸ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਐੱਸਐੱਚਓ ਥਾਣਾ ਫੇਜ਼-8 ਦੇ ਅਨੁਸਾਰ ਮ੍ਰਿਤਕ ਨਰਿੰਦਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫੇਜ਼-6 ਦੀ ਮੌਰਚਰੀ ’ਚ ਰਖਵਾਇਆ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਮਾਮਲੇ ਦੀ ਜਾਂਚ ਜਾਰੀ ਹੈ।

ਜ਼ਿਕਰਯੋਗ ਹੈ ਕਿ ਨਰਿੰਦਰ ਸ਼ਰਮਾ ਦੀ ਪਤਨੀ ਸਕੂਲ ਟੀਚਰ ਹੈ ਅਤੇ ਇੱਕ ਬੇਟੀ ਇੱਕ ਪੁੱਤਰ ਹੈ, ਜੋ ਕਿ 11ਵੀਂ ਜਮਾਤ ’ਚ ਪੜ੍ਹਦਾ ਹੈ। ਬੁੱਧਵਾਰ ਨੂੰ ਜਦੋਂ ਸਾਰੇ ਆਪਣੇ-ਆਪਣੇ ਕੰਮ ’ਤੇ ਚਲੇ ਗਏ ਤਾਂ ਨਰਿੰਦਰ ਨੇ ਨਾਸ਼ਤਾ ਕਰਨ ਤੋਂ ਬਾਅਦ ਪੱਖੇ ਨਾਲ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸਦੀ ਪਤਨੀ ਨੇ 12 ਵਜੇ ਫੋਨ ਕੀਤਾ ਪਰ ਉਸ ਵੱਲੋਂ ਫੋਨ ਨਾ ਚੁੱਕਣ ‘ਤੇ ਪਤਨੀ ਨੇ ਆਪਣੇ ਗੁਆਂਢੀਆਂ ਨੂੰ ਬੁਲਾ ਕੇ ਮਾਮਲੇ ਦਾ ਪਤਾ ਲਗਾਉਣ ਲਈ ਕਿਹਾ। ਗੁਆਂਢੀਆਂ ਨੇ ਖਿੜਕੀ ’ਚੋਂ ਦੇਖਿਆ ਤਾਂ ਅੰਦਰ ਪੱਖੇ ਨਾਲ ਨਰਿੰਦਰ ਦੀ ਲਾਸ਼ ਲਟਕ ਰਹੀ ਸੀ। ਉਸ ਨੂੰ ਉਤਾਰ ਕੇ ਤੁਰੰਤ ਫੋਰਟਿਸ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

