ਬਿਉੂਰੋ, ਪ੍ਰਾਈਮ ਪੋਸਟ ਪੰਜਾਬ
ਲੁਧਿਆਣਾ, 1 ਸਤੰਬਰ 2022 : ਹੈਵਾਨੀਅਤ ਦੀਆਂ ਗੱਲਾਂ ਤੇ ਖ਼ਬਰਾਂ ਹਰ ਰੋਜ਼ ਸੁਣਨ ਅਤੇ ਪੜ੍ਹਨ ਨੂੰ ਮਿਲਦੀਆਂ ਹਨ ਜਿੱਥੇ ਰਿਸ਼ਤਿਆਂ ਨੂੰ ਤਾਰ ਤਾਰ ਕੀਤਾ ਜਾਂਦਾ ਹੈ । ਅਜਿਹਾ ਹੀ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਜ਼ਤ ਦੇ ਰਖਵਾਲੇ ਸਮਝੇ ਜਾਂਦੇ ਦਾਦੇ ਅਤੇ ਚਾਚੇ ਨੇ ਹੀ ਆਪਣੀ ਸਕੀ ਪੋਤੀ ਨਾਲ ਬਲਾਤਕਾਰ ਕਰਕੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ । ਇਕ 9 ਸਾਲ ਦੀ ਬੱਚੀ ਨੂੰ ਉਸ ਦੇ ਸਕੇ ਦਾਦੇ ਅਤੇ ਚਾਚੇ ਨੇ ਹੀ ਹਵਸ ਦਾ ਸ਼ਿਕਾਰ ਬਣਾਇਆ। ਜਦੋਂ ਢਿੱਡ ’ਚ ਦਰਦ ਹੋਇਆ ਤਾਂ ਬੱਚੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ, ਜਿਸ ਤੋਂ ਬਾਅਦ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੂੰ ਦਿੱਤੀ ਗਈ। ਇਸ ਮਾਮਲੇ ’ਚ ਪੁਲਿਸ ਨੇ ਮੁਲਜ਼ਮ ਚਾਚੇ ਨਰੇਸ਼ ਕੁਮਾਰ ਅਤੇ ਉਸ ਦੇ ਪਿਤਾ ਮਹਿੰਦਰਪਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੀੜਤਾ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਧੀ ਦਾ ਕੁੱਝ ਦਿਨਾਂ ਤੋਂ ਢਿੱਡ ਦਰਦ ਕਰ ਰਿਹਾ ਸੀ, ਜੋ ਕਾਫੀ ਘਬਰਾਈ ਵੀ ਹੋਈ ਸੀ। ਜਦੋਂ ਉਸ ਨੇ ਬੱਚੀ ਨਾਲ ਗੱਲ ਕੀਤੀ ਤਾਂ ਬੱਚੀ ਨੇ ਜੋ ਕੁੱਝ ਦੱਸਿਆ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਬੱਚੀ ਨੇ ਦੱਸਿਆ ਕਿ ਉਸ ਦੇ ਦਾਦੇ ਮਹਿੰਦਰਪਾਲ ਅਤੇ ਚਾਚੇ ਨਰੇਸ਼ ਨੇ ਕਈ ਵਾਰ ਗਲਤ ਕੰਮ ਕੀਤਾ ਹੈ।
ਇਕ ਦਿਨ ਦਾਦਾ ਉਸ ਦੇ ਨਾਲ ਗਲਤ ਕੰਮ ਕਰ ਰਿਹਾ ਸੀ ਕਿ ਇਹ ਉਸ ਦੇ ਚਾਚੇ ਨਰੇਸ਼ ਨੇ ਦੇਖ ਲਿਆ ਪਰ ਆਪਣੇ ਪਿਤਾ ਨੂੰ ਰੋਕਣ ਦੀ ਬਜਾਏ ਨਰੇਸ਼ ਨੇ ਵੀ ਉਸ ਨਾਲ ਜਬਰ-ਜ਼ਿਨਾਹ ਕਰਨਾ ਸ਼ੁਰੂ ਕਰ ਦਿੱਤਾ। ਬੱਚੀ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੰਦੇ ਸਨ। ਉਧਰ, ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਲੈ ਕੇ ਪੁੱਛ-ਗਿੱਛ ਕੀਤੀ ਜਾਵੇਗੀ।

