ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 31 ਅਗਸਤ 2022 : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਜਾਂਚ ਅਧਿਕਾਰੀ ਨੂੰ ਅਚਾਨਕ ਬਦਲ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਥਾਣਾ ਸਦਰ ਮਾਨਸਾ ਦੇ ਐਸਐਚਓ ਅੰਗਰੇਜ਼ ਸਿੰਘ ਇਸ ਦੀ ਜਾਂਚ ਕਰ ਰਹੇ ਸਨ। ਉਨ੍ਹਾਂ ਦੀ ਥਾਂ ਹੁਣ ਗੁਰਲਾਲ ਸਿੰਘ ਨੂੰ ਜਾਂਚ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ। ਅੰਗਰੇਜ਼ ਸਿੰਘ ਥਾਣਾ ਸਿਟੀ ਮਾਨਸਾ ਦੇ ਐਸਐਚਓ ਸੀ।ਇਸ ਥਾਣੇ ਦੀ ਹਦੂਦ ਅੰਦਰ ਮੂਸੇਵਾਲਾ ਦਾ ਕਤਲ ਹੋਣ ਕਾਰਨ ਉਹ ਬਤੌਰ ਐਸ.ਐਚ.ਓ. ਜਾਂਚ ਅਧਿਕਾਰੀ ਸੀ। ਜਿੱਥੇ ਉਸ ਨੂੰ ਗੈਂਗਸਟਰਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਪੁਲਿਸ ਨੂੰ ਉਸ ਦੀ ਅਤੇ ਥਾਣੇ ਦੀ ਸੁਰੱਖਿਆ ਵਧਾਉਣੀ ਪਈ ਸੀ। ਅੰਗਰੇਜ਼ ਸਿੰਘ ਨੂੰ ਹੁਣ ਬੁਢਲਾਡਾ ਦਾ ਐਸ.ਐਚ.ਓ. ਲਗਾਇਆ ਗਿਆ ਹੈ।

ਹਾਲਾਂਕਿ ਮਾਨਸਾ ਦੇ ਐਸਐਸਪੀ ਗੌਰਵ ਤੁਰਾ ਨੇ ਇਸ ਨੂੰ ਰੁਟੀਨ ਤਬਾਦਲਾ ਦੱਸਿਆ ਹੈ।ਮੂਸੇਵਾਲਾ ਕਤਲ ਕਾਂਡ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਕਰ ਰਹੀ ਹੈ। ਜਿਸ ਦੀ ਅਗਵਾਈ ਆਈਜੀ ਜਸਕਰਨ ਸਿੰਘ ਕਰ ਰਹੇ ਹਨ। ਟੀਮ ਵਿੱਚ ਮਾਨਸਾ ਦੇ ਐਸਐਸਪੀ ਗੌਰਵ ਤੂਰਾ, ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਏਆਈਜੀ ਗੁਰਮੀਤ ਚੌਹਾਨ ਵੀ ਸ਼ਾਮਲ ਹਨ। ਇਸ ਵਿੱਚ ਬਠਿੰਡਾ ਅਤੇ ਮਾਨਸਾ ਦੇ ਡੀਐਸਪੀ ਦੇ ਨਾਲ-ਨਾਲ ਥਾਣਾ ਸਿਟੀ ਮਾਨਸਾ ਦੇ ਐਸਐਚਓ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

