ਬਿਊਰੋ ਪ੍ਰਾਈਮ ਪੋਸਟ ਪੰਜਾਬ
ਮਾਹਲਪੁਰ, 29 ਅਗਸਤ 2022 : ਨੇੜਲੇ ਪਿੰਡ ਭਾਮ ਦੀ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਤੋਂ ਕੱਲ੍ਹ ਰਾਤ ਕਾਰ ਸਵਾਰ ਲੁਟੇਰੇ ਗੈਸ ਕਟਰ ਨਾਲ ਕੱਟ ਕੇ ਸਾਰਾ ਏ ਟੀ ਐਮ ਅਤੇ 15 ਲੱਖ 35 ਹਜ਼ਾਰ 600 ਰੁਪਏ ਨਗਦੀ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਲੁਟੇਰਿਆਂ ਦੀ ਭਾਲ ਕੀਤੀ, ਪਰ ਪਤਾ ਨਹੀਂ ਲੱਗ ਸਕਿਆ।
ਲੁੱਟ ਦੀ ਘਟਨਾ ਬਾਰੇ ਬੈਂਕ ਦੇ ਮੈਨੇਜਰ ਜਸਵੀਰ ਸਿੰਘ ਨੇ ਦੱਸਿਆ ਕਿ ਹਰ ਛੁੱਟੀ ਤੋਂ ਪਹਿਲਾਂ ਬੈਂਕ ਦਾ ਸਾਰਾ ਸਿਸਟਮ ਆਨਲਾਈਨ ਮੁੱਖ ਦਫਤਰ ਨਾਲ ਯੂਪੀਐਸ ਰਾਹੀਂ ਜੋੜ ਦਿੱਤਾ ਜਾਂਦਾ ਹੈ। ਰਾਤ 2:40 ਵਜੇ ਲੁਟੇਰੇ ਗੈਸ ਕਟਰ ਨਾਲ ਏਟੀ ਐਮ ਦੇ ਬਾਹਰਲੇ ਸ਼ਟਰ ਦੇ ਤਾਲੇ ਤੋੜ ਕੇ ਅੰਦਰ ਵੜੇ ਸਨ। ਜਦੋਂ ਉਨ੍ਹਾਂ ਨੇ ਕਟਰ ਨਾਲ ਏ ਟੀ ਐਮ ਕੱਟਣਾ ਸ਼ੁਰੂ ਕੀਤਾ ਤਾਂ ਬੈਂਕ ਅੰਦਰਲਾ ਅਲਾਰਮ ਵੱਜ ਪਿਆ। ਪਿੰਡ ਵਾਸੀਆਂ ਨੇ ਅਲਾਰਮ ਸੁਣ ਕੇ ਪੁਲਿਸ ਦੀ ਗੱਡੀ ਦਾ ਸਾਇਰਨ ਸਮਝਿਆ, ਪਰ ਆਨਲਾਈਨ ਸਿਸਟਮ ਤੋਂ ਕੈਸ਼ੀਅਰ ਅਤੇ ਗਾਰਡਾਂ ਨੂੰ ਪਤਾ ਲੱਗਾ ਤਾਂ ਉਹ ਬੈਂਕ ਪਹੁੰਚ ਗਏ। ਦੂਜੇ ਪਾਸੇ ਲੁਟੇਰੇ ਮਸਾਂ 12 ਮਿੰਟ ਵਿੱਚ ਏ ਟੀ ਐਮ ਕੱਟ ਕੇ ਅੰਦਰੋਂ 15,35,000 ਰੁਪਏ ਦੀ ਨਗਦੀ ਲੁੱਟ ਕੇ ਨਿਕਲ ਗਏ। ਇਸ ਪਿੱਛੋਂ ਪੁਲਿਸ ਦੇ ਉਚ ਅਧਿਕਾਰੀ ਅਤੇ ਪਿੰਡ ਵਾਸੀ ਓਥੇ ਇਕੱਠੇ ਹੋ ਗਏ।
ਥਾਣਾ ਮੁਖੀ ਚੱਬੇਵਾਲ ਗੁਰਪ੍ਰੀਤ ਸਿੰਘ ਨੇ ਇਲਾਕੇ ਦੀ ਘੇਰਾਬੰਦੀ ਕਰਵਾਈ ਅਤੇ ਨਜ਼ਦੀਕੀ ਥਾਣਿਆਂ ਤੇ ਪੁਲਿਸ ਦੀਆਂ ਪੈਟਰੋਲਿੰਗ ਪਾਰਟੀਆਂ ਨੂੰ ਸੂਚਿਤ ਕਰ ਕੇ ਨਾਕਾਬੰਦੀ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਉਹ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖ ਕੇ ਲੁੱਟ ਦੀ ਵਾਰਦਾਤ ਵਿੱਚ ਵਰਤੀ ਗੱਡੀ ਦੀ ਭਾਲ ਕਰ ਰਹੇ ਹਨ।

