ਬਿਊਰੋ, ਪ੍ਰਾਈਮ ਪੋਸਟ ਪੰਜਾਬ
ਮੋਰਿੰਡਾ, 14 ਅਗਸਤ 2022 : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਸੱਦਾ ਦਿੱਤਾ ਹੈ ਕਿ ਜੇ ਉਹ ਦੇਸ਼ ਨੂੰ ਇਕਜੁੱਟ ਰੱਖਣਾ ਚਾਹੁੰਦੇ ਹਨ ਤਾਂ ਉਹ ਚੀਨ ਵੱਲੋਂ ਭਾਰਤ ਦੇ ਦੱਬੇ ਇਲਾਕੇ ਵਿੱਚ ਤਿਰੰਗਾ ਲਹਿਰਉਣ।
ਮਾਨ ਅੱਜ ਇਥੇ ਆਪਣੇ ਸਰਕਲ ਪ੍ਰਧਾਨ ਸਰਬਜੀਤ ਸਿੰਘ ਜੱਸੀ ਦੀ ਦੁਕਾਨ ਉੱਤੇ ਮੋਰਿੰਡਾ ਹਲਕੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਵੰਡਣ ਆਏ ਸਨ । ਇਸ ਮੌਕੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ 1947 ਦੇ ਬਟਵਾਰੇ ਸਮੇਂ ਸਿਰਫ ਦੋ ਕੌਮਾਂ ਨੂੰ ਹੀ ਆਜ਼ਾਦੀ ਮਿਲੀ ਸੀ, ਜਿਸ ਤਹਿਤ ਹਿੰਦੂ ਕੌਮ ਨੂੰ ਹਿੰਦੋਸਤਾਨ ਮਿਲ ਗਿਆ ਅਤੇ ਮੁਸਲਮਾਨ ਕੌਮ ਨੂੰ ਪਾਕਿਸਤਾਨ ਮਿਲ ਗਿਆ ਭਲਕੇ ਦੇਸ਼ ਦੀ ਆਜ਼ਾਦੀ ਲਈ 90 ਪ੍ਰਤੀਸ਼ਤ ਤੋਂ ਵੱਧ ਸ਼ਹਾਦਤਾਂ ਤੇ ਕੁਰਬਾਨੀਆਂ ਦੇਣ ਵਾਲੀ ਕੌਮ ਰਾਜ ਰਹਿਤ ਹੋ ਕੇ ਰਹਿ ਗਈ ।
ਤਿਰੰਗੇ ਦੇ ਮੁਕਾਬਲੇ ਕੇਸਰੀ ਨਿਸ਼ਾਨ ਝੁਲਾਉਣ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ ਕਿ ਕੇਸਰੀ ਨਿਸ਼ਾਨ ਸਿੱਖਾਂ ਦੀ ਆਜ਼ਾਦ ਤੇ ਅੱਡਰੀ ਹਸਤੀ ਦਾ ਪ੍ਰਤੀਕ ਹੈ , ਜਿਹੜਾ ਪੂਰੀ ਦੁਨੀਆਂ ਦੇ ਵਿੱਚ ਝੂਲਦਾ ਹੈ , ਜਦਕਿ ਤਿਰੰਗਾ ਇੱਕ ਦੇਸ਼ ਦਾ ਝੰਡਾ ਹੈ , ਜਿਹੜਾ ਹਿੰਦੁਸਤਾਨ ਦੀਆਂ ਹੱਦਾਂ ਦੇ ਅੰਦਰ ਹੀ ਲਹਿਰਾਇਆ ਜਾਂਦਾ ਹੈ । ਇਸ ਮੌਕੇ ਮਾਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸੂਬੇ ਨੂੰ ਕਰਜ਼ਾ ਰਹਿਤ ਕਰਨ ਦਾ ਵਾਅਦਾ ਕਰਕੇ ਆਈ ਸਰਕਾਰ ਪੰਜ ਮਹੀਨਿਆਂ ਦੌਰਾਨ ਹੀ 10000 ਕਰੋੜ ਤੋਂ ਵੱਧ ਦਾ ਕਰਜ਼ਾ ਲੈ ਚੁੱਕੀ ਹੈ ਅਤੇ ਇਸ ਕਰਜ਼ੇ ਦੇ ਸਿਰ ਹੀ ਪ੍ਰਚਾਰ ਕਰਕੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਚੋਣਾਂ ਜਿੱਤਣ ਦੇ ਸੁਪਨੇ ਦੇਖ ਰਹੀ ਹੈ । ਉਨ੍ਹਾਂ ਪੰਜਾਬ ਦੇ ਸਰਕਾਰੀ ਅਧਿਕਾਰੀਆਂ ਨੂੰ ਆਪ ਪਾਰਟੀ ਦੇ ਦਿੱਲੀ ਦੇ ਆਗੂਆਂ ਵੱਲੋਂ ਆਦੇਸ਼ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬੀਆਂ ਨੇ ਕਦੇ ਵੀ ਦਿੱਲੀ ਦੀ ਅਧੀਨਗੀ ਪ੍ਰਵਾਨ ਨਹੀਂ ਕੀਤੀ , ਇਸ ਲਈ ਸਰਕਾਰੀ ਅਧਿਕਾਰੀਆਂ ਨੂੰ ਵੀ ਆਪਣੇ ਸੰਵਿਧਾਨਕ ਅਤੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰਦਿਆਂ ਦਿੱਲੀ ਦੇ ਆਗੂਆਂ ਵੱਲੋਂ ਦਿੱਤੇ ਜਾਂਦੇ ਗੈਰਕਾਨੂੰਨੀ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕਰਨਾ ਚਾਹੀਦਾ ।
ਇਸ ਮੌਕੇ ਮਾਨ ਨੇ ਵੱਡੀ ਗਿਣਤੀ ਵਿੱਚ ਕੇਸਰੀ ਨਿਸ਼ਾਨ ਸਾਹਿਬ ਲੋਕਾਂ ਨੂੰ ਵੰਡੇ ਅਤੇ ਲੋਕਾਂ ਨੂੰ 15 ਅਗਸਤ ਵਾਲੇ ਦਿਨ ਆਪੋ ਆਪਣੇ ਘਰਾਂ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਸੱਦਾ ਦਿੱਤਾ ।ਇਸ ਮੌਕੇ ਤੇ ਉਨ੍ਹਾਂ ਨਾਲ ਇਮਾਨ ਸਿੰਘ ਮਾਨ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰ ਅਤੇ ਆਗੂ ਹਾਜ਼ਰ ਸਨ ।











