ਰੋਹਿਨ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 1 ਅਗਸਤ 2022 : ਵਧੀਕ ਜ਼ਿਲ੍ਹਾ ਚੋਣ ਅਫਸ਼ਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਟੀ.ਬੈਨਿਥ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀ ਸਿਫਾਰਿਸ਼ ’ਤੇ ਕਾਨੂੰਨ ਅਤੇ ਨਿਆਂ ਮੰਤਰਾਲਾ ਵੱਲੋਂ ਚੋਣ ਕਾਨੂੰਨ (ਸੰਸੋਧਨ) ਐਕਟ 2021 ਰਾਹੀਂ ਲੋਕ ਪ੍ਰਤੀਨਿਧਤਾ ਐਕਟ 1950 ਅਤੇ 1951 ਵਿਚ ਸੋਧਾਂ ਕੀਤੀਆਂ ਗਈਆਂ ਹਨ। ਇਹ ਐਕਟ 1 ਅਗਸਤ 2022 ਤੋਂ ਲਾਗੂ ਹੈ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਵਿੱਚ ਦਰਜ ਵਿਅਕਤੀਆਂ ਦੇ ਆਧਾਰ ਨੰਬਰ ਇਕੱਤਰ ਕਰਨ ਲਈ ਇੱਕ ਪ੍ਰੋਗਰਾਮ 1 ਅਗਸਤ 2022 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਵੋਟਰ ਸੂਚੀ ਵਿਚ ਦਰਜ ਵੋਟਰਾਂ ਨੂੰ 100 ਪ੍ਰਤੀਸ਼ਤ ਪ੍ਰਮਾਣਿਤ ਕਰਨਾ ਹੈ ਤਾਂ ਜੋ ਡੁਪਲੀਕੇਟ ਵੋਟਾਂ ਨੂੰ ਖਤਮ ਕੀਤਾ ਜਾ ਸਕੇ। ਕਮਿਸ਼ਨ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਵੋਟਰ ਵੱਲੋਂ ਆਧਾਰ ਨੰਬਰ ਦੀ ਜਾਣਕਾਰੀ ਦੇਣਾ ਸਵੈ-ਇਛੁੱਕ ਹੈ। ਆਧਾਰ ਨੰਬਰ ਦੀ ਜਾਣਕਾਰੀ ਲਈ ਕਮਿਸ਼ਨ ਵੱਲੋਂ ਇੱਕ ਨਵਾਂ ਫਾਰਮ 6-ਬੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਫਾਰਮ ਕਮਿਸ਼ਨ ਦੀ ਵੈਬਸਾਈਟ ਨੈਸ਼ਨਲ ਵੋਟਰ ਸਰਵਿਸ ਪੋਰਟਲ (NVSP), ਵੋਟਰ ਹੈਲਪਲਾਈਨ ਐਪ ਜਾਂ ਵੋਟਰ ਪੋਰਟਲ ’ਤੇ ਆਨਲਾਈਨ ਉਪਲੱਬਧ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਵੋਟਰ ਖੁਦ ਆਨਲਾਈਨ ਵੋਟਰ ਕਾਰਡ ਅਧਾਰ ਕਾਰਡ ਨਾਲ ਲਿੰਕ ਕਰਨਾ ਚਾਹੁੰਦਾ ਹੈ ਤਾਂ ਉਹ ਨੈਸ਼ਨਲ ਵੋਟਰ ਸਰਵਿਸ ਪੋਰਟਲ (NVSP), ਵੋਟਰ ਹੈਲਪਲਾਈਨ ਐਪ ਜਾਂ ਵੋਟਰ ਪੋਰਟਲ ’ਤੇ ਇਸ ਪ੍ਰਕਿਰਿਆ ਨੂੰ ਕਰ ਸਕਦਾ ਹੈ ਅਤੇ ਆਫਲਾਈਨ ਤਰੀਕੇ ਅਨੁਸਾਰ ਫਾਰਮ 6-ਬੀ ਭਰਕੇ ਆਪਣੇ ਏਰੀਏ ਦੇ ਸਬੰਧਤ ਬੂਥ ਲੈਵਲ ਅਫਸਰ ਪਾਸ ਜਾਂ ਸਬੰਧਤ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ ਦੇ ਦਫ਼ਤਰ ਵਿਚ ਜਮ੍ਹਾਂ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੋਟਰ ਪਾਸ ਆਧਾਰ ਨੰਬਰ ਨਹੀਂ ਹੈ ਜਾਂ ਉਹ ਇਸ ਦੀ ਡਿਟੇਲ ਨਹੀਂ ਦੇ ਸਕਦਾ ਤਾਂ ਉਹ ਫਾਰਮ 6-ਬੀ ਵਿਚ ਦਰਜ 11 ਤਰ੍ਹਾ ਦੇ ਵੈਕਲਪਿਕ ਦਸਤਾਵੇਜ ਜਿਵੇਂ ਕਿ ਡਰਾਇਵਿੰਗ ਲਾਇਸੰਸ, ਪਾਸਪੋਰਟ, ਬੈਂਕ ਪਾਸ ਬੁੱਕ ਆਦਿ ਵਿਚੋਂ ਕੋਈ ਵੀ ਇੱਕ ਦਸਤਾਵੇਜ਼ ਜਮ੍ਹਾਂ ਕਰਵਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ 01 ਅਗਸਤ, 2022 ਤੋਂ ਸ਼ੁੁਰੂ ਇਸ ਪ੍ਰੋਗਰਾਮ ਤਹਿਤ ਆਧਾਰ ਨੰਬਰ ਇਕੱਤਰ ਕਰਨ ਦਾ ਕੰਮ 31 ਮਾਰਚ, 2023 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਜ਼ਿਲ੍ਹਾ ਮਾਨਸਾ ਵਿਚ ਕੁੱਲ 5,96,106 ਰਜਿਸਟਰਡ ਵੋਟਰ ਹਨ। ਉਨ੍ਹਾਂ ਕਮਿਸ਼ਨ ਦੇ ਇਸ ਪ੍ਰੋਗਰਾਮ ਵਿਚ ਯੋਗਦਾਨ ਦੇਣ ਲਈ ਆਮ ਜਨਤਾ, ਸਮੂਹ ਰਾਜਨੀਤਿਕ ਪਾਰਟੀਆਂ, ਮੀਡੀਆ, ਐਨ.ਜੀ. ਓਜ਼ ਅਤੇ ਸਿਵਲ ਸੁਸਾਇਟੀਆਂ ਨੂੰ ਅਪੀਲ ਕੀਤੀ ਕਿ ਕਮਿਸ਼ਨ ਦੇ ਇਸ ਪੋ੍ਰਗਰਾਮ ਨੂੰ ਸਫਲ ਬਣਾਉਣ ਲਈ ਆਪਣੀ 100 ਫ਼ੀਸਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਪ੍ਰਸ਼ਾਸਨ ਨਾਲ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ।

