ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ, 30 ਜੂਨ 2022 ( ਪ੍ਰਾਈਮ ਪੋਸਟ ਪੰਜਾਬ ) : ਵਧੀਕ ਡਿਪਟੀ ਕਮਿਸ਼ਨਰ (ਜ) ਉਪਕਾਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਵਿਡ-19 ਕਾਰਨ ਜਾਨ ਗਵਾਉਣ ਵਾਲੇ ਵਿਅਕਤੀਆਂ ਦੇ ਕਾਨੂੰਨੀ ਵਾਰਸਾਂ ਨੂੰ ਸਰਕਾਰ ਵੱਲੋਂ 50 ਹਜ਼ਾਰ ਰੁਪਏ (ਐਕਸ ਗ੍ਰੇਸ਼ੀਆ) ਮੁਆਵਜ਼ਾ ਦਿੱਤਾ ਜਾਣਾ ਹੈ, ਜਿਸ ਸਬੰਧੀ ਦਸਤਾਵੇਜ਼/ਦਰਖਾਸਤ ਐਸਡੀਐਮ ਦਫ਼ਤਰਾਂ, ਸਿਵਲ ਸਰਜਨ ਦਫ਼ਤਰ ਅਤੇ ਡੀ.ਸੀ. ਦਫ਼ਤਰ, ਕਮਰਾ ਨੰਬਰ 26 ਵਿਖੇ ਦਿੱਤੀ ਜਾ ਸਕਦੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਤੀ ਬੇਨਤੀ ਨਾਲ ਮਿ੍ਤਕ ਵਿਅਕਤੀ ਦੇ ਪਛਾਣ ਕਾਰਡ ਦੀ ਕਾਪੀ, ਕਲੇਮ ਕਰਤਾ ਦੇ ਪਛਾਣ ਕਾਰਡ ਦੀ ਕਾਪੀ, ਕਲੇਮ ਕਰਤਾ ਅਤੇ ਮਿ੍ਰਤਕ ਵਿਅਕਤੀ ਦੇ ਸਬੰਧ ਦੇ ਪਛਾਣ ਕਾਰਡ ਦੀ ਕਾਪੀ, ਕੋਵਿਡ-19 ਟੈਸਟ ਦੀ ਪੋਜ਼ਟਿਵ ਰਿਪੋਰਟ ਦੀ ਕਾਪੀ, ਹਸਪਤਾਲ ਵੱਲੋਂ ਜਾਰੀ ਹੋਏ ਮੌਤ ਦੇ ਕਾਰਨਾਂ ਦਾ ਸੰਖੇਪ ਸਾਰ (ਜੇਕਰ ਮੌਤ ਹਸਪਤਾਲ ਵਿਚ ਹੋਈ ਹੋਵੇ), ਮਿ੍ਤਕ ਵਿਅਕਤੀ ਦਾ ਮੌਤ ਸਰਟੀਫਿਕੇਟ, ਵਾਰਸਾਂ ਸਬੰਧੀ ਸਰਟੀਫਿਕੇਟ, ਕਲੇਮ ਕਰਤਾ ਦੇ ਬੈਂਕ ਖਾਤੇ ਦਾ ਰੱਦ ਹੋਇਆ ਬੈਂਕ ਚੈੱਕ ਅਤੇ ਮਿ੍ਰਤਕ ਵਿਅਕਤੀ ਦੇ ਵਾਰਸਾਂ ਦਾ ਇਤਰਾਜਹੀਣਤਾ ਸਰਟੀਫਿਕੇਟ (ਜਿੱਥੇ ਕਲੇਮ ਕਰਤਾ ਇਕ ਹੋਵੇ) ਪ੍ਰਤੀਬੇਨਤੀ ਨਾਲ ਨੱਥੀ ਕਰਕੇ ਆਪਣੀਆਂ ਦਰਖ਼ਾਸਤਾਂ ਐਸ.ਡੀ.ਐਮ ਦਫ਼ਤਰ, ਸਿਵਲ ਸਰਜਨ ਦਫ਼ਤਰ ਅਤੇ ਡੀ.ਸੀ. ਦਫ਼ਤਰ ਦੇ ਕਮਰਾ ਨੰਬਰ 26 ਵਿਖੇ ਦੇ ਸਕਦੇ ਹਨ ਅਤੇ ਸਰਕਾਰ ਵੱਲੋਂ ਮਿਲਣ ਵਾਲੀ ਸਹੂਲਤ ਦਾ ਲਾਭ ਲੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਇਸ ਸਬੰਧੀ ਅਜੇ ਤੱਕ ਵੀ ਕਿਸੇ ਪਰਿਵਾਰ ਵੱਲੋਂ ਦਰਖ਼ਾਸਤ ਅਤੇ ਲੋੜੀਂਦੇ ਦਸਤਾਵੇਜ ਦਫ਼ਤਰ ਵਿਚ ਜਮ੍ਹਾਂ ਨਹੀਂ ਕਰਵਾਏ ਗਏ, ਤੁਰੰਤ ਜਮ੍ਹਾਂ ਕਰਵਾਉਂਦੇ ਹੋਏ ਸਰਕਾਰ ਵੱਲੋਂ ਮਿਲਣ ਵਾਲੀ ਸਹੂਲਤ ਦਾ ਲਾਭ ਪ੍ਰਾਪਤ ਕਰਨ।











