ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ,16 ਜੂਨ 2022 ( ਪ੍ਰਾਈਮ ਪੋਸਟ ਪੰਜਾਬ ) : ਝੀਂਗਾ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ 40 ਫ਼ੀਸਦੀ ਸਬਸਿਡੀ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਕਿਸਾਨ ਆਰਥਿਕ ਤੌਰੇ ’ਤੇ ਹੋਰ ਮਜ਼ਬੂਤ ਹੋ ਸਕਣ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੀਂਗਾ ਪਾਲਣ ਦੇ ਕਿੱਤੇ ਵਿਚ ਅਪਾਰ ਸੰਭਾਵਨਾਵਾਂ ਹਨ ਅਤੇ ਇਹ ਕਿੱਤਾ ਸੇਮ ਪ੍ਰਭਾਵਿਤ ਅਤੇ ਖਾਰੇ ਪਾਣੀ ਵਾਲੀਆਂ ਜ਼ਮੀਨਾਂ ਵਿਚ ਸਫ਼ਲਤਾਪੂਰਵਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਕਿਸਾਨਾਂ ਨੇ ਪਿੱਛਲੇ ਸਮੇਂ ਦੌਰਾਨ ਇਹ ਕਿੱਤਾ ਅਪਨਾਇਆ ਹੈ ਉਹ ਰਵਾਇਤੀ ਫਸਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਮੁਨਾਫ਼ਾ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ 25 ਜੂਨ 2022 ਤੱਕ ਆਪਣੀ ਅਰਜ਼ੀ ਮੱਛੀ ਪਾਲਣ ਵਿਭਾਗ ਕੋਲ ਜਮ੍ਹਾਂ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਕਿਸਾਨ ਇਹ ਕਿੱਤਾ ਕਰਨਾ ਚਾਹੁੰਦੇ ਹਨ ਉਹ 1 ਤੋਂ 5 ਏਕੜ ਤੱਕ ਦੇ ਰਕਬੇ ਵਿਚ ਇਹ ਕਿੱਤਾ ਕਰਨ ਲਈ ਸਬਸਿਡੀ ਲੈਣ ਲਈ ਅਰਜ਼ੀ ਦੇ ਸਕਦੇ ਹਨ। ਅਰਜ਼ੀ ਫਾਰਮ ਮੱਛੀ ਪਾਲਣ ਵਿਭਾਗ ਦੇ ਦਫਤਰ ਜ਼ੋ ਕਿ ਕਮਰਾ ਨੰਬਰ 60, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਾਨਸਾ ਵਿਖੇ ਸਥਿਤ ਹੈ ਤੋਂ ਪ੍ਰਾਪਤ ਕਰ ਸਕਦੇ ਹਨ, ਜਦਕਿ ਸ਼ੁੱਕਰਵਾਰ ਤੋਂ ਇਹ ਫਾਰਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀ.ਸੀ ਦਫ਼ਤਰ) ਤੋਂ ਸੁਪਰਡੈਂਟ ਮਾਲ ਦੇ ਦਫ਼ਤਰ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੀਂਗਾ ਪਾਲਣ ਦਾ ਕਿੱਤਾ ਅਪਣਾ ਕੇ ਆਰਥਿਕ ਤੌਰ ’ਤੇ ਹੋਰ ਮਜ਼ਬੂਤ ਹੋਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਹੋਰ ਜਾਣਕਾਰੀ ਲਈ ਵਿਭਾਗ ਦੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਰਾਜੇਸ਼ਵਰ ਕੁਮਾਰ ਜਾਂ ਮੁੱਖ ਕਾਰਜਕਾਰੀ ਅਫ਼ਸਰ ਹਰਵਿੰਦਰ ਸਿੰਘ ਨਾਲ ਵੀ ਰਾਬਤਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਿਭਾਗ ਕਿਸਾਨਾਂ ਨੂੰ ਇਸ ਕਿੱਤੇ ਦੀ ਸਿਖਲਾਈ ਪ੍ਰਾਪਤ ਕਰਨ ਲਈ ਵੀ ਮਾਰਗਦਰਸ਼ਨ ਕਰਦਾ ਹੈ। ਵਿਭਾਗ ਦੇ ਸਹਾਇਕ ਡਾਇਰੈਕਟਰ ਰਾਜੇਸ਼ਵਰ ਕੁਮਾਰ ਨੇ ਦੱਸਿਆ ਕਿ ਇਸ ਸੰਬੰਧੀ ਹੋਰ ਜਾਣਕਾਰੀ ਲਈ ਉਨ੍ਹਾਂ ਨਾਲ ਫੋਨ ਨੰਬਰ 81465-85400 ’ਤੇ ਵੀ ਰਾਬਤਾ ਕੀਤਾ ਜਾ ਸਕਦਾ ਹੈ।
ਦੂਜੇ ਪਾਸੇ ਪਿਛਲੇ ਕਈ ਸਾਲਾਂ ਤੋਂ ਇਸ ਕਿੱਤੇ ਵਿਚ ਲੱਗੇ ਜ਼ਿਲ੍ਹੇ ਦੇ ਪਿੰਡ ਜੌੜਕੀਆਂ ਦੇ ਕਿਸਾਨ ਜਸਬੀਰ ਸਿੰਘ ਅਤੇ ਪਿੰਡ ਕੋਰਵਾਲਾ ਦੇ ਕਿਸਾਨ ਹਰਮਿੰਦਰ ਸਿੰਘ ਅਨੁਸਾਰ 120 ਦਿਨਾਂ ਦੇ ਇਸ ਕੰਮ ਵਿਚ ਆਮ ਖੇਤੀ ਦੇ ਮੁਕਾਬਲੇ ਬਹੁਤ ਲਾਭ ਹੈ ਅਤੇ ਵਿਭਾਗ ਵੀ ਇਸ ਕੰਮ ਵਿਚ ਉਨ੍ਹਾਂ ਦਾ ਮਾਰਗਦਰਸ਼ਨ ਕਰਦਾ ਹੈ। ਉਨ੍ਹਾਂ ਅਨੁਸਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਇਸ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ। ਉਸ ਅਨੁਸਾਰ ਸਭ ਤੋਂ ਖਾਸ ਗੱਲ ਤਾਂ ਇਹ ਹੈ ਕਿ ਇਸ ਲਈ ਸੇਮ ਪ੍ਰਭਾਵਿਤ ਅਤੇ ਖਾਰੇ ਪਾਣੀ ਵਾਲੀਆਂ ਬੇਕਾਰ ਜ਼ਮੀਨਾਂ ਹੀ ਚਾਹੀਦੀਆਂ ਹਨ।











