ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ : ਕਿਸਾਨ ਮੋਰਚੇ ਨਾਲ ਸਬੰਧਤ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ਭਲਕੇ 16 ਜੂਨ ਨੂੰ ਮੂੰਗੀ ਅਤੇ ਮੱਕੀ ਦੀ ਸਰਕਾਰੀ ਖਰੀਦ ਅਤੇ ਨਹਿਰੀ ਪਾਣੀ ਦੀ ਵਿਵਸਥਾ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਅਨਾਜ ਮੰਡੀਆਂ ‘ਚ ਇੱਕਠ ਕਰਦਿਆਂ ਤਹਿਸੀਲ ਪੱਧਰੀ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਮੁਜ਼ਾਹਰਿਆਂ ਉਪਰੰਤ ਐੱਸਡੀਐੱਮ ਰਾਹੀਂ ਮੁੱਖ-ਮੰਤਰੀ ਪੰਜਾਬ ਸਰਕਾਰ ਨੂੰ ਮੰਗ-ਪੱਤਰ ਸੌਂਪੇ ਜਾਣਗੇ।
ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੂੰਗੀ ਦੀ ਖਰੀਦ ਕਰਨ ਦੇ ਐਲਾਨ ਨੂੰ ਮੰਡੀਆਂ ਵਿੱਚ ਕੇਂਦਰ ਵਲੋਂ ਨਿਰਧਾਰਤ ਐੱਮਐੱਸਪੀ ਅਨੁਸਾਰ ਖਰੀਦ ਕਰਕੇ ਅਮਲੀ ਜਾਮਾ ਪਹਿਨਾਇਆ ਜਾਵੇ। ਮੂੰਗੀ ਦੀ ਖਰੀਦ ਸਬੰਧੀ ਫ਼ਰਦ, ਏਕੜ ਪ੍ਰਤੀ 5 ਕੁਇੰਟਲ ਕੋਟਾ ਫਿਕਸ ਕਰਨ ਸਮੇਤ ਲਾਈਆਂ ਕਿਸਾਨ ਮਾਰੂ ਬੇਲੋੜੀਆਂ ਸ਼ਰਤਾਂ ਫੌਰੀ ਹਟਾ ਕੇ ਦਾਣਾ ਦਾਣਾ ਖਰੀਦਿਆ ਜਾਣਾ ਯਕੀਨੀ ਬਣਾਇਆ ਜਾਵੇ।
ਮੱਕੀ ਕਾਸ਼ਤਕਾਰਾਂ ਦੀ ਫ਼ਸਲ ਨੂੰ ਐੱਮਐੱਸਪੀ ਤੇ ਖਰੀਦ ਦੀ ਗਾਰੰਟੀ ਕੀਤੀ ਜਾਵੇ। ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਸੂਏ, ਕੱਸੀਆਂ ਅਤੇ ਰਜਬਾਹਿਆਂ ਨੂੰ ਸੁਚਾਰੂ ਢੰਗ ਨਾਲ ਪਾਣੀ ਛੱਡ ਕੇ ਤੁਰੰਤ ਚਲਾਇਆ ਜਾਵੇ। ਹਰ ਇਲਾਕੇ ਨੂੰ ਬਣਦਾ ਨਹਿਰੀ ਪਾਣੀ ਦੇਣ ਦੀ ਵਿਵਸਥਾ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ।
ਪੰਜਾਬ ਸਰਕਾਰ ਵਲੋਂ ਫ਼ਸਲੀ ਵਿਭਿੰਨਤਾ ਦੇ ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਉਪਰੋਕਤ ਮੰਗਾਂ ਨੂੰ ਪੂਰਾ ਕਰਨਾ ਬੇਹੱਦ ਜ਼ਰੂਰੀ ਹੈ, ਨਹੀ ਤਾਂ ਸਰਕਾਰ ਦੇ ਫ਼ਸਲੀ ਵਿਭਿੰਨਤਾ ਦੇ ਦਾਅਵਿਆਂ ਦੀ ਭਰੋਸੇਯੋਗਤਾ ਉੱਪਰ ਗੰਭੀਰ ਸਵਾਲ ਖੜ੍ਹੇ ਹੋਣਗੇ।

