ਬਿਊਰੋ, ਪ੍ਰਾਈਮ ਪੋਸਟ ਪੰਜਾਬ
ਡੇਰਾਬਸੀ ਵਿੱਚ ਕੱਲ੍ਹ ਹਥਿਆਰਬੰਦ ਨੌਜਵਾਨਾਂ ਨੇ ਪਿਸਤੌਲ ਦੀ ਨੋਕ ਤੇ ਵਾਰਦਾਤ ਨੂੰ ਅੰਜਾਮ ਦਿੰਦਿਆਂ ਇੱਕ ਪ੍ਰਾਪਰਟੀ ਡੀਲਰ ਤੋਂ ਡੇਢ ਕਰੋੜ ਰੁਪਏ ਲੁੱਟ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਲੁਟੇਰਿਆਂ ਵਲੋਂ ਫਾਇਰਿੰਗ ਵੀ ਕੀਤੀ ਗਈ ਜਿਸ ਦੌਰਾਨ ਇੱਕ ਵਿਅਕਤੀ ਜਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾਬਸੀ-ਬਰਵਾਲਾ ਚੌਕ ਨੇੜੇ ਸਥਿਤ ਐਸਬੀਆਈ ਬੈਂਕ ਕੋਲ ਇਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਬਾਹਰ ਲੁਟੇਰਿਆਂ ਨੇ ਗੋਲੀ ਚਲਾ ਕੇ ਵਪਾਰੀ ਤੋਂ ਡੇਢ ਕਰੋੜ ਰੁਪਏ ਲੁੱਟ ਲਏ। ਬਦਮਾਸ਼ਾਂ ਵੱਲੋਂ ਕੀਤੀ ਗੋਲੀਬਾਰੀ ਕਾਰਨ ਮੁਹੰਮਦ ਸਾਜਿਦ ਨਾਂ ਦੇ ਵਿਅਕਤੀ ਨੂੰ ਗੋਲੀ ਲੱਗੀ ਹੈ। ਸ਼ਰਾਰਤੀ ਅਨਸਰਾਂ ਦੀ ਗੋਲੀਬਾਰੀ ਵਿੱਚ ਮੁਹੰਮਦ ਸਾਜਿਦ ਜੋ ਕਿ ਗਲੀ ਵਿੱਚ ਰੇਹੜੀ ਲਗਾ ਕੇ ਸਬਜ਼ੀ ਵੇਚਦਾ ਸੀ, ਜ਼ਖਮੀ ਹੋ ਗਿਆ। ਉਸਨੂੰ ਪਹਿਲਾਂ ਡੇਰਾਬਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਜੀਐਮਸੀ ਐਚ 32 ਭੇਜ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋ ਬਾਈਕਾਂ ਤੇ ਆਏ ਲੁਟੇਰਿਆਂ ਨੇ ਗੋਲੀ ਚਲਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਲੁੱਟ ਤੋਂ ਬਾਅਦ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਵੱਲੋਂ ਰੌਲਾ ਪਾਇਆ ਗਿਆ, ਜਿਸ ਦੀ ਆਵਾਜ਼ ਸੁਣ ਕੇ ਦਫਤਰ ਦੇ ਬਾਹਰ ਫਲਾਂ ਦੀ ਰੇਹੜੀ ਲਾ ਰਹੇ ਤਿੰਨ ਜਣੇ ਲੁਟੇਰਿਆਂ ਦੇ ਪਿੱਛੇ ਭੱਜੇ, ਪਰੰਤੂ ਇਕ ਲੁਟੇਰੇ ਨੇ ਗੋਲੀ ਚਲਾ ਦਿੱਤੀ, ਜੋ ਪਿੱਛਾ ਕਰ ਰਹੇ 37 ਸਾਲਾਂ ਦੇ ਮੁਹੰਮਦ ਸਾਬਰ ਵਾਸੀ ਗੁਲਾਬਗੜ੍ਹ ਦੇ ਸਿਰ ਵਿੱਚ ਲੱਗੀ। ਇਸ ਤੋਂ ਬਾਅਦ ਲੁਟੇਰੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ।
ਲੁੱਟ ਦੀ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੇਰਾਬਸੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਬਦਮਾਸ਼ਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ।
ਪਤਾ ਲੱਗਾ ਹੈ ਕਿ ਲੁੱਟ ਤੋਂ ਪਹਿਲਾਂ ਹਰਜੀਤ ਸਿੰਘ ਨਾਗਪਾਲ ਦੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿਚ ਦੋ ਕਾਰੋਬਾਰੀਆਂ ਵਿਚਾਲੇ ਜ਼ਮੀਨ ਦਾ ਸੌਦਾ ਚੱਲ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ, ਜਿਸ ਤੋਂ ਬਾਅਦ ਵਪਾਰੀ ਤੋਂ ਲੁੱਟ ਦੀ ਇਹ ਘਟਨਾ ਵਾਪਰੀ ਹੈ। ਲੁਟੇਰਿਆਂ ਨੇ ਭੱਜਦੇ ਹੋਏ ਦੋ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇਕ ਗੋਲੀ 37 ਸਾਲਾ ਮੁਹੰਮਦ ਸਾਜਿਦ ਨੂੰ ਲੱਗੀ। ਲੁਟੇਰਿਆਂ ਨੇ ਪਿਸਤੌਲ ਵਿਖਾ ਕੇ ਉਥੇ ਖੜ੍ਹੇ ਇੱਕ ਨੌਜਵਾਨ ਗੋਵਿੰਦਾ ਦੀ ਬਾਈਕ ਖੋਹ ਲਈ ਜਿਸ ਤੋਂ ਬਾਅਦ ਸਾਰੇ ਲੁਟੇਰੇ ਦੋ ਬਾਈਕ ਤੇ ਵੱਖ-ਵੱਖ ਦਿਸ਼ਾਵਾਂ ਵਿੱਚ ਫਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਸ ਨੇ ਆਪਣੀ ਜੱਦੀ ਜ਼ਮੀਨ ਕਿਸੇ ਨੂੰ ਵੇਚ ਦਿੱਤੀ ਸੀ, ਜਿਸ ਦੇ ਬਦਲੇ ਉਹ ਉਸ ਨੂੰ ਇਕ ਕਰੋੜ ਨਕਦ ਦੇਣ ਲਈ ਉਸ ਦੇ ਦਫਤਰ ਆਇਆ ਸੀ। ਹਰਜੀਤ ਨੇ ਦੋਸ਼ ਲਾਇਆ ਕਿ ਉਹ ਲੁਟੇਰੇ ਨਿਕਲੇ ਜਿਨ੍ਹਾਂ ਵਿੱਚੋਂ ਚਾਰ ਵਿਅਕਤੀ ਉਸ ਨੂੰ ਬੰਦੂਕ ਦਿਖਾ ਕੇ ਉਸ ਦੇ ਦਫ਼ਤਰ ਵਿੱਚੋਂ ਪੈਸੇ ਲੈ ਕੇ ਫਰਾਰ ਹੋ ਗਏ।











