ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪੰਜਾਬ ਸਰਕਾਰ ਨਵੀਂ ਆਬਕਾਰੀ ਨੀਤੀ 1 ਜੁਲਾਈ ਤੋਂ ਲਾਗੂ ਕਰ ਸਕਦੀ ਹੈ। ਪੰਜਾਬ ‘ਚ 1 ਜੁਲਾਈ ਤੋਂ ਲਾਗੂ ਹੋਣ ਵਾਲੀ ਆਬਕਾਰੀ ਨੀਤੀ ‘ਚ ਅੰਗਰੇਜ਼ੀ ਸ਼ਰਾਬ ਦਾ ਫਿਕਸ ਕੋਟਾ ਸਿਸਟਮ ਖ਼ਤਮ ਕੀਤਾ ਜਾ ਸਕਦਾ ਹੈ। ਇਸ ਨਾਲ ਪੰਜਾਬ ‘ਚ ਅੰਗਰੇਜ਼ੀ ਸ਼ਰਾਬ ਤੇ ਬੀਅਰ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਆਬਕਾਰੀ ਵਿਭਾਗ ਵੱਲੋਂ ਤਿਆਰ ਕੀਤੀ ਜਾ ਰਹੀ ਆਬਕਾਰੀ ਨੀਤੀ ‘ਚ ਅੰਗਰੇਜ਼ੀ ਸ਼ਰਾਬ ਦੀ ਵਿਕਰੀ ਲਈ ਸ਼ਰਾਬ ਦੇ ਠੇਕੇਦਾਰਾਂ ਲਈ ਲਾਇਸੈਂਸ ਪ੍ਰਣਾਲੀ ਲਾਗੂ ਕੀਤੀ ਜਾ ਸਕਦੀ ਹੈ। ਇਸ ਵਿੱਚ ਠੇਕੇਦਾਰਾਂ ਤੋਂ ਇੱਕਮੁਸ਼ਤ ਫੀਸ ਵਸੂਲੀ ਜਾਵੇਗੀ। ਲਾਇਸੈਂਸ ਦੇ ਬਦਲੇ ਠੇਕੇਦਾਰ ਖੁੱਲ੍ਹੇਆਮ ਅੰਗਰੇਜ਼ੀ ਸ਼ਰਾਬ ਤੇ ਬੀਅਰ ਵੇਚ ਸਕਣਗੇ। ਲਾਇਸੈਂਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਸ਼ਰਾਬ ਦੇ ਠੇਕੇਦਾਰਾਂ ਦੀ ਸ਼ਰਾਬ ਦੇ ਨਿਸ਼ਚਿਤ ਕੋਟੇ ਦੀ ਵਿਕਰੀ ਦੀ ਮਜਬੂਰੀ ਖ਼ਤਮ ਹੋ ਜਾਵੇਗੀ ਅਤੇ ਉਹ ਆਪਣੀ ਸਹੂਲਤ ਅਨੁਸਾਰ ਸ਼ਰਾਬ ਦੀ ਮਾਤਰਾ ਵੇਚ ਸਕਣਗੇ।
ਮੌਜੂਦਾ ਆਬਕਾਰੀ ਨੀਤੀ ਅਨੁਸਾਰ ਸ਼ਰਾਬ ਦੇ ਠੇਕੇਦਾਰਾਂ ਨੂੰ ਵਿਭਾਗ ਵੱਲੋਂ ਨਿਰਧਾਰਤ ਕੋਟੇ ਤਹਿਤ ਸ਼ਰਾਬ ਖਰੀਦਣੀ ਪੈਂਦੀ ਹੈ। ਜੇਕਰ ਕੋਟੇ ਅਨੁਸਾਰ ਸ਼ਰਾਬ ਦੀ ਵਿਕਰੀ ਨਹੀਂ ਹੁੰਦੀ ਹੈ ਤਾਂ ਵੀ ਵਿਭਾਗ ਵੱਲੋਂ ਸੰਬੰਧਤ ਸ਼ਰਾਬ ਠੇਕੇਦਾਰ ਤੋਂ ਸ਼ਰਾਬ ਦੀ ਵਿਕਰੀ ’ਤੇ ਵਸੂਲੀ ਜਾਣ ਵਾਲੀ ਫੀਸ ਲਈ ਜਾਂਦੀ ਹੈ। ਅਜਿਹੇ ‘ਚ ਕਈ ਵਾਰ ਸ਼ਰਾਬ ਦੇ ਠੇਕੇਦਾਰਾਂ ਨੂੰ ਨੁਕਸਾਨ ਵੀ ਝੱਲਣਾ ਪੈਂਦਾ ਹੈ।
ਸ਼ਰਾਬ ਦੀਆਂ ਕੀਮਤਾਂ ਅੱਧੀਆਂ ਹੋ ਸਕਦੀਆਂ ਹਨ ਨਵੀਂ ਪਾਲਿਸੀ ਅਨੁਸਾਰ ਠੇਕੇਦਾਰਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਸ਼ਰਾਬ ਦੀ ਵਿਕਰੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਨਵੀਂ ਨੀਤੀ ‘ਚ ਸ਼ਰਾਬ ‘ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਨੂੰ ਘੱਟ ਕੀਤੇ ਜਾਣ ਦੀ ਸੰਭਾਵਨਾ ਹੈ। ਅਜਿਹੇ ‘ਚ ਸ਼ਰਾਬ ਦੀ ਕੀਮਤ ਘੱਟ ਜਾਵੇਗੀ ਤੇ ਵਿਕਰੀ ਵਧੇਗੀ। ਕਿਆਸ ਲਗਾਏ ਜਾ ਰਹੇ ਹਨ ਕਿ ਸ਼ਰਾਬ ਦੀ ਕੀਮਤ ਮੌਜੂਦਾ ਕੀਮਤਾਂ ਤੋਂ ਲਗਪਗ ਅੱਧੀਆਂ ਹੋ ਸਕਦੀਆਂ ਹਨ।











