ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਪੁਰਾਣੀ ਅਨਾਜ ਮੰਡੀ ਅਤੇ ਮੁੱਖ ਬਾਜ਼ਾਰ ਦਾ ਲਿਆ ਜਾਇਜ਼ਾ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 24 ਮਈ 2022 : ਸ਼ਹਿਰ ਵਾਸੀਆ ਨੂੰ ਟੈ੍ਫਿਕ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਅਤੇ ਆਵਾਜਾਈ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਚਲਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਐੱਸਐੱਸਪੀ ਗੋਰਵ ਤੁਰਾ ਨੇ ਪੁਰਾਣੀ ਅਨਾਜ ਮੰਡੀ ਅਤੇ ਗੁਰਦਵਾਰਾ ਚੌਂਕ ਦੇ ਨੇੜਲੇ ਬਾਜ਼ਾਰ ਦਾ ਜਾਇਜ਼ਾ ਲਿਆ।ਡਿਪਟੀ ਕਮਿਸ਼ਨਰ ਨੇ ਬਾਜ਼ਾਰ ਦੇ ਨੇੜੇ ਪੁਰਾਣੀ ਅਨਾਜ ਮੰਡੀ ਵਾਲੀ ਥਾਂ ਤੇ ਨਜ਼ਾਇਜ਼ ਉਸਾਰੀਆਂ ਕਰਨ ਵਾਲਿਆਂ ਨੂੰ ਤੁਰੰਤ ਪਹਿਲਕਦਮੀ ਨਾਲ ਆਪਣੀ ਹਦੂਦ ਅੰਦਰ ਸਾਮਾਨ ਰੱਖਣ ਦੇ ਆਦੇਸ਼ ਦਿੱਤੇ।

ਉਨਾਂ ਕਿਹਾ ਕਿ ਦੁਕਾਨਾਂ ਦੇ ਬਾਹਰ ਰੱਖੇ ਸਾਮਾਨ ਨਾਲ ਜਿੱਥੇ ਆਵਾਜਾਈ ’ਚ ਵਿਘਨ ਪੈਂਦਾ ਹੈ, ਉਥੇ ਸੜਕੀ ਹਾਦਸਿਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨਾਂ ਦੱਸਿਆ ਕਿ ਸ਼ਹਿਰ ਮਾਨਸਾ ਦੇ ਨਾਲ ਜਿਲ੍ਹੇ ਦੀਆਂ ਅਨਾਜ ਮੰਡੀਆਂ ਅੰਦਰ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਨਜ਼ਾਇਜ਼ ਕਬਜ਼ਾ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ।

ਸ੍ਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਮਾਨਸਾ ਪੁਰਾਣੀ ਅਨਾਜ ਮੰਡੀ ਵਾਲੀ ਥਾਂ ਤੇ ਨਾਲ ਲੱਗਦੇ ਬਾਜ਼ਾਰ ਲਈ ਪਾਰਕਿੰਗ ਬਣਾਉਣ ਦੀ ਯੋਜਨਾ ਹੈ, ਜਿਸਦੇ ਨਾਲ ਬਾਜ਼ਾਰ ’ਚ ਆਉਣ ਵਾਲੇ ਲੋਕਾਂ ਨੂੰ ਜਿੱਥੇ ਆਪਣੇ ਵਾਹਨ ਖੜਾਉਣ ’ਚ ਅਸਾਨੀ ਹੋਵੇਗੀ, ਉਥੇ ਟੈ੍ਫਿਕ ਦੀ ਸਮੱਸਿਆ ਤੋਂ ਲੋਕਾਂ ਨੂੰ ਪੱਕੇ ਤੌਰ ਤੇ ਰਾਹਤ ਮਿਲੇਗੀ।

ਉਨਾਂ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਟੈ੍ਫਿਕ ਸਮੱਸਿਆ ਦੇ ਹਲ ਲਈ ਵਿੱਢੀ ਇਸ ਮੁਹਿੰਮ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ।

