ਸੰਜੀਵ ਜਿੰਦਲ
ਮਾਨਸਾ,12 ਮਈ 2022(ਪ੍ਰਾਈਮ ਪੋਸਟ ਪੰਜਾਬ) : ਜਿਲ੍ਹਾ ਮਾਨਸਾ ਦੇ ਵੱਖ-ਵੱਖ ਪਿੰਡਾਂ ਵਿੱਚ ਮਨਰੇਗਾ ਸਕੀਮ ਤਹਿਤ ਨਹਿਰਾਂ ਦੀ ਸਾਫ਼ ਸਫ਼ਾਈ ਦੇ ਚਲ ਰਹੇ ਕਾਰਜ਼ਾਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ.ਬੈਨਿਥ ਨੇ ਬਲਾਕ ਸਰਦੂਲਗੜ੍ਹ ਦੇ ਪਿੰਡ ਝੰਡਾ ਖੁਰਦ, ਖੈਰਾਕਲਾਂ, ਕੋਰੀਵਾੜਾ ਆਦਿ ਦਾ ਦੌਰਾ ਕੀਤਾ।
ਟੀ. ਬੈਨਿਥ ਨੇ ਨਹਿਰੀ ਕੰਮਾਂ ਦਾ ਜਾਇਜ਼ਾ ਲੈਣ ਵੇਲੇ ਮੌਜੂਦ ਸਟਾਫ ਨੂੰ ਮਨਰੇਗਾ ਸਕੀਮ ਚਲ ਰਹੇ ਕੰਮਾਂ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਮਜ਼ਦੂਰਾਂ ਦੀ ਹਾਜ਼ਰੀ ਮੋਬਾਇਲ ਮੋਨਿਟਰਿੰਗ ਸਿਸਟਮ ਰਾਹੀ ਲਗਾਈ ਜਾਵੇ। ਉਨ੍ਹਾਂ ਕਿਹਾ ਟੇਲਾਂ ’ਤੇ ਪਾਣੀ ਨੂੰ ਪਹੁੰਚਾਉਣ ਅਤੇ ਹਰ ਖੇਤ ਨੂੰ ਪਾਣੀ ਪਹੁੰਚਦਾ ਕਰਨ ਲਈ ਨਹਿਰੀ ਸੂਇਆਂ ਦੀ ਸਾਫ਼ ਸਫ਼ਾਈ ਸਮਾਂਬੱਧ ਢੰਗ ਨਾਲ ਕਰਨੀ ਜਰੂਰੀ ਹੈ, ਜਿਸਦੇ ਲਈ ਸਬੰਧਤ ਅਧਿਕਾਰੀਆਂ ਵੱਲੋਂ ਮਨਰੇਗਾ ਕੰਮਾਂ ਦਾ ਆਪਣੇ ਪੱਧਰ ’ਤੇ ਵੀ ਨਿਰੀਖਣ ਕੀਤਾ ਜਾਵੇ।

ਉਨ੍ਹਾਂ ਮੌਕੇ ’ਤੇ ਹਾਜ਼ਰ ਮਨਰੇਗਾ ਤਹਿਤ ਰਜਿਸਟਰਡ ਜਾਬ ਕਾਰਡ ਧਾਰਕਾਂ ਨੂੰ ਸੁਣਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਜਾਬ ਕਾਰਡ ਧਾਰਕ ਲੇਬਰ ਨੂੰ ਲੋੜੀਂਦੀਆਂ ਮੁੱਢਲੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਹਰੇਕ ਜਾਬ ਕਾਰਡ ਉੱਤੇ ਦਿਹਾੜੀਆਂ ਦੀ ਹਾਜ਼ਰੀ ਲਗਾਉਣੀ ਯਕੀਨੀ ਬਣਾਈ ਜਾਵੇ।
ਇਸ ਮੌਕੇ ਮਨਦੀਪ ਸਿੰਘ ਜਿਲ੍ਹਾ ਨੋਡਲ ਅਫਸਰ ਮਨਰੇਗਾ, ਸੁਖਪਾਲ ਸਿੰਘ ਏ.ਪੀ.ਓ. ਮਨਰੇਗਾ, ਅਭੀ ਸਿੰਗਲਾ ਤਕਨੀਕੀ ਸਹਾਇਕ ਮਨਰੇਗਾ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀ ਹਾਜਰ ਸਨ।











