ਮਜ਼ਦੂਰਾਂ ਨੂੰ ਨਹੀਂ ਮਿਲ ਰਹੀ ਮਨਰੇਗਾ ਵਿੱਚ ਕੰਮ ਕੀਤੇ ਦੀ ਦਿਹਾੜੀ ਰਕਮ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ , 4 ਮਈ 2022 : ਚੋਣਾਂ ਸਮੇਂ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਤੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਹੁਣ ਲੋਕਾਂ ਨੂੰ ਧਰਨੇ ਲਾਉਣ ਦੀ ਨੌਬਤ ਨਹੀਂ ਆਵੇਗੀ ਸਭ ਕੰਮ ਬੈਠੇ ਬਿਠਾਇਆਂ ਹੋਣਗੇ ਪਰ ‘ ਪਰ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ’ ਵਾਲੀ ਗੱਲ ਹੋਈ । ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਵਿੱਚ ਮਜ਼ਦੂਰਾਂ ਦਾ ਭਰਵਾਂ ਇਕੱਠ ਡੇਰਾ ਬਾਬਾ ਬ੍ਰਹਮਚਾਰੀ ਵਿਖੇ ਕੀਤਾ ਗਿਆ । ਉਥੇ ਮੌਜੂਦ ਲੋਕਾਂ ਨੇ ਪੰਜਾਬ ਦੀ ਸੱਤਾ ਨੂੰ ਚਲਾ ਰਹੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਰਕਾਰ ਨੂੰ ਖ਼ੂਬ ਕੋਸਿਆ । ਮਜ਼ਦੂਰਾਂ ਦਾ ਕਹਿਣਾ ਸੀ ਕਿ ‘ ਅੰਨ੍ਹਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ‘ ਵਾਲੀ ਗੱਲ ਮੌਜੂਦਾ ਪੰਜਾਬ ਸਰਕਾਰ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਰਮੇ ਦਾ ਮੁਆਵਜ਼ਾ ਦੇਣ ਵਿੱਚ ਭੋਰਾ ਭਰ ਵੀ ਦੇਰ ਨਹੀਂ ਕੀਤੀ ਪਰ ਪਿਛਲੀ ਕਾਂਗਰਸ ਸਰਕਾਰ ਵੱਲੋਂ ਐਲਾਨੇ ਮਜ਼ਦੂਰਾਂ ਲਈ ਮੁਆਵਜ਼ਾ ਜੋ ਕਿ 1700 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਣਾ ਸੀ ਮੌਜੂਦਾ ਸਰਕਾਰ ਵੱਲੋਂ ਕੋਈ ਗੌਰ ਨਹੀਂ ਕੀਤੀ ਗਈ ।
ਇਕੱਠ ਨੂੰ ਸੰਬੋਧਨ ਕਰਦਿਆਂ ਗੁਰਮੇਲ ਸਿੰਘ ਮੇਲੀ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਾਂ । ਗੁਰਮੇਲ ਮੇਲੀ ਨੇ ਕਿਹਾ ਕਿ ਸਰਕਾਰਾਂ ਨੂੰ ਹਰੇਕ ਵਰਗ ਇਕੋ ਅੱਖ ਨਾਲ ਵੇਖਣਾ ਚਾਹੀਦਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਜਾਤੀਵਾਦ ਤੇ ਉਤਰ ਆਈ ਹੈ ਜੋ ਕਿ ਸਿਰਫ਼ ਕਿਸਾਨਾਂ ਦੀ ਹੀ ਸਰਕਾਰ ਬਣ ਕੇ ਰਹਿ ਗਈ ਹੈ । ਮੇਲੀ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਕਹਿ ਰਹੀ ਹੈ ਜਿਸ ਨਾਲ ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ ਮਿਲੇਗਾ ਭਾਵ ਮਾਨ ਸਰਕਾਰ ਮਜ਼ਦੂਰਾਂ ਕੋਲੋਂ ਉਨ੍ਹਾਂ ਦੀ ਜੋ ਮਜ਼ਦੂਰੀ ਹੈ ਉਹ ਵੀ ਖੋਹਣਾ ਚਾਹੁੰਦੀ ਹੈ । ਜਿਸ ਨਾਲ ਲੋਕ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਜਾਣਗੇ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕੱਠ ਨੇ ਕਿਹਾ ਕਿ ਅਸੀਂ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਵੀ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਪਰ ਉਸ ਨੇ ਵੀ ਸਾਡੀ ਗੱਲ ਅਣਸੁਣੀ ਹੀ ਕਰ ਦਿੱਤੀ ।
ਮਨਰੇਗਾ ਵਿੱਚ ਕੰਮ ਕਰਨ ਵਾਲਿਆਂ ਨੂੰ ਨਹੀਂ ਮਿਲ ਰਹੀ ਪੂਰੀ ਦਿਹਾੜੀ ਦੀ ਰਕਮ :
ਇਕੱਠ ਵਿੱਚ ਮੌਜੂਦ ਮਜ਼ਦੂਰਾਂ ਨੇ ਕਿਹਾ ਕਿ ਸਾਨੂੰ ਮਨਰੇਗਾ ਵਿੱਚ ਕੀਤੇ ਕੰਮ ਦੀ ਪੂਰੀ ਦਿਹਾੜੀ ਵੀ ਨਹੀਂ ਮਿਲ ਰਹੀ । ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਹਾਜ਼ਰੀ ਮਸ਼ਟਰੋਲ ਦੀ ਬਜਾਏ ਆਮ ਕਾਪੀ ਤੇ ਲਗਾਈ ਜਾਂਦੀ ਹੈ ਤੇ ਬਾਅਦ ਵਿਚ ਪਤਾ ਨੀ ਕੀ ਕੀਤਾ ਜਾਂਦਾ ਹੈ । ਜੇਕਰ ਅਸੀਂ ਬੈਂਕ ਵਿਚ ਪੈਸਾ ਕਢਵਾਉਣ ਲਈ ਜਾਂਦੇ ਹਨ ਤਾਂ ਬੈਂਕ ਕਰਮਚਾਰੀਆਂ ਵੱਲੋਂ ਸਨ ਦੂਰ ਬਿਠਾ ਦਿੱਤਾ ਜਾਂਦਾ ਹੈ ਤੇ ਕਦੇ ਵੀ ਪੂਰੇ ਪੈਸੇ ਨਹੀਂ ਦਿੱਤੇ ਸਾਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਤੁਹਾਡੇ ਖਾਤੇ ਵਿੱਚ ਰਕਮ ਨਹੀਂ ਆਈ ਜਦੋਂਕਿ ਉੱਪਰ ਅਫ਼ਸਰਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਨੇ ਕਿ ਤੁਹਾਡੇ ਖਾਤਿਆਂ ਵਿਚ ਪੈਸਾ ਭੇਜ ਦਿੱਤਾ ਗਿਆ ਹੈ ।
ਇਸ ਸਮੇਂ ਨਛੱਤਰ ਸਿੰਘ ਖਾਲਸਾ ਜੋ ਕਿ ਆਮ ਆਦਮੀ ਪਾਰਟੀ ਦਾ ਵਰਕਰ ਵੀ ਹੈ ਨੇ ਮੀਡੀਆ ਦੇ ਜ਼ਰੀਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਹੈ ਕਿ ਮਜ਼ਦੂਰਾਂ ਦੀ ਇਸ ਸਮੱਸਿਆ ਦਾ ਵੀ ਹੱਲ ਕਰਨ ਤਾਂ ਕਿ ਜਿਸ ਬਿਸਵਾਸ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਉਹ ਵਿਸ਼ਵਾਸ ਬਣਿਆ ਰਹੇ ।

ਜਿੱਤਣ ਤੋਂ ਬਾਅਦ ਗੁਰਪ੍ਰੀਤ ਬਣਾਂਵਾਲੀ ਨੇ ਲੋਕਾਂ ਦੀ ਨਹੀਂ ਲਈ ਸਾਰ :
ਹਲਕੇ ਦੇ ਲੋਕਾਂ ਵਿੱਚ ਇਹ ਵੀ ਰੋਸ ਪਾਇਆ ਜਾ ਰਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਜਿੱਤਣ ਤੋਂ ਬਾਅਦ ਲੋਕਾਂ ਦੀ ਕੋਈ ਸਾਰ ਨਹੀਂ ਲਈ ਜਦੋਂਕਿ ਚੋਣਾਂ ਤੋਂ ਪਹਿਲਾਂ ਹਰ ਰੋਜ਼ ਦਿਨ ਵਿੱਚ ਦੋ ਦੋ ਗੇੜੇ ਮਾਰਦੇ ਸੀ । ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਸਿੱਖਿਆ ਅਤੇ ਸਿਹਤ ਨੂੰ ਵਿਸ਼ਾ ਬਣਾ ਕੇ ਵੋਟਾਂ ਲਈਆਂ ਸਨ ਪਰ ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਦੋਵਾਂ ਵੱਲ ਕੋਈ ਧਿਆਨ ਨਹੀਂ । ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਹੁਣ ਇਸ ਪਾਰਟੀ ਤੇ ਵਿਸ਼ਵਾਸ਼ ਨਹੀਂ ਰਿਹਾ ।











