ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪ੍ਰਾਰਥੀ ਕੋਲੋ ਦਸਤਾਵੇਜ਼ਾਂ ਮੰਗ ਕੀਤੀ ਜਾਵੇ-ਡਿਪਟੀ ਕਮਿਸ਼ਨਰ
ਰੋਹਿਨ ਜਿੰਦਲ / ਸੰਜੀਵ ਜਿੰਦਲ
ਮਾਨਸਾ, 20 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਰਕਾਰੀ ਅਦਾਰਿਆਂ ਅਤੇ ਸੇਵਾ ਕੇਂਦਰਾਂ ਵਿਖੇ ਮਿਲਣ ਵਾਲੀਆਂ ਸਰਕਾਰੀ ਸੇਵਾਵਾਂ ਨੂੰ ਸੁਖਾਲੇ ਢੰਗ ਨਾਲ ਲੋਕਾਂ ਨੂੰ ਪ੍ਰਦਾਨ ਕਰਨ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਲੋੜੀਂਦੇ ਦਸਤਾਵੇਜ਼ਾਂ ਵਿੱਚ ਇੱਕਸਾਰਤਾ ਲਿਆਉਣ ਲਈ ਪੰਜਾਬ ਰਾਜ ਵਿੱਚ ਪਛਾਣ ਦੇ ਸਬੂਤ, ਜਨਮ ਦੇ ਸਬੂਤ ਅਤੇ ਪਤੇ ਦੇ ਸਬੂਤ ਵਜੋਂ ਸਵੀਕਾਰ ਕੀਤੇ ਜਾਣ ਵਾਲੇ ਦਸਤਾਵੇਜ਼ਾਂ ਦੀ ਸੂਚੀ ਜਨਤਕ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸ਼ਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਵੱਲੋਂ ਪ੍ਰਾਪਤ ਨੋਟੀਫਿਕੇਸ਼ਨ ਵਿੱਚ ਦਰਸਾਏ ਗਏ ਪਛਾਣ ਦੇ ਸਬੂਤ, ਜਨਮ ਦੇ ਸਬੂਤ ਅਤੇ ਪਤੇ ਦੇ ਸਬੂਤ ਤੋਂ ਇਲਾਵਾ ਸਬੰਧਤ ਵਿਭਾਗ ਵੱਲੋਂ ਕਿਸੇ ਹੋਰ ਦਸਤਾਵੇਜ਼ ਦੀ ਪ੍ਰਾਰਥੀ ਕੋਲੋਂ ਮੰਗ ਨਾ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਛਾਣ ਦੇ ਸਬੂਤ ਵਜੋਂ ਪਾਸਪੋਰਟ, ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਰ ਆਈ.ਡੀ., ਆਧਾਰ ਕਾਰਡ ਜਾਂ ਮੌਜੂਦਾ ਮਿਤੀ ਦਾ ਈ-ਆਧਾਰ ਕਾਰਡ, ਕੇਂਦਰ ਸਰਕਾਰ ਜਾਂ ਰਾਜ ਸਰਕਾਰ ਵੱਲੋਂ ਜਾਰੀ ਸ਼ਨਾਖ਼ਤੀ ਕਾਰਡ ਜਾਂ ਜਨਤਕ ਅਦਾਰੇ ਵੱਲੋਂ ਜਾਰੀ ਸਵੈ-ਘੋਸ਼ਣਾ ਪੱਤਰ, ਡਰਾਈਵਿੰਗ ਲਾਇਸੰਸ, ਪੈਨ ਕਾਰਡ, ਕਿਸਾਨ ਫੋਟੋ ਪਾਸਬੂਕ ਜਾਂ ਪੋਸਟ ਆਫ਼ਿਸ ਜਾਂ ਸੇਵਿੰਗ ਅਕਾਊਂਟ ਪਾਸਬੁੱਕ, ਕੇਂਦਰ ਸਰਕਾਰ ਦਾ ਸਿਹਤ ਸਕੀਮ ਕਾਰਡ, ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ, ਪੈਨਸ਼ਨਰ ਕਾਰਡ, ਮਾਨਸਾ ਪ੍ਰਾਪਤ ਸੰਸਥਾ ਵੱਲੋਂ ਜਾਰੀ ਕੀਤਾ ਗਿਆ ਵਿਦਿਆਰਥੀ ਆਈ.ਡੀ. ਕਾਰਡ ਅਤੇ ਮਗਨਰੇਗਾ ਜਾਬ ਕਾਰਡ ਦੀ ਹੀ ਮੰਗ ਕੀਤੀ ਜਾਵੇ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਪਤੇ ਦੇ ਸਬੂਤ ਵਜੋਂ ਪਾਸਪੋਰਟ, ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਰ ਆਈ.ਡੀ., ਆਧਾਰ ਕਾਰਡ ਜਾਂ ਮੌਜੂਦਾ ਮਿਤੀ ਦਾ ਈ-ਆਧਾਰ ਕਾਰਡ, ਕੇਂਦਰ ਸਰਕਾਰ ਜਾਂ ਰਾਜ ਸਰਕਾਰ ਵੱਲੋਂ ਜਾਰੀ ਪਤੇ ਦਾ ਸਰਟੀਫਿਕੇਟ ਜਾਂ ਜਨਤਕ ਅਦਾਰੇ ਵੱਲੋਂ ਜਾਰੀ ਸਵੈ-ਘੋਸ਼ਣਾ ਪੱਤਰ, ਪ੍ਰਾਰਥੀ ਦੇ ਨਾਮ ’ਤੇ ਮੌਜੂਦਾ ਟੈਲੀਫੋਨ ਬਿਲ (ਬੀ.ਐਸ.ਐਨ.ਐਲ. ਲੈਂਡਲਾਈਨ ਜਾਂ ਪੋਸਟ ਪੇਡ ਮੋਬਾਇਲ ਬਿਲ), ਬਿਜਲੀ, ਪਾਣੀ ਜਾਂ ਗੈਸ ਕੁਨੈਕਸ਼ਨ ਦਾ ਬਿਲ, ਰਜਿਸਟਰਡ ਕਿਰਾਏ ਦਾ ਬਿਆਨਾ (ਇੱਕ ਸਾਲ ਤੋਂ ਵੱਧ ਸਮੇਂ ਵਾਲਾ), ਇਨਕਮਟੈਕਸ ਅਸੈਸਮੈਂਟ, ਬੈਂਕ ਅਕਾਊਂਟ ਦੀ ਫੋਟੋ ਪਾਸਬੂਕ (ਸਿਰਫ਼ ਸ਼ਡਿਊਲਡ ਪਬਲਿਕ ਸੈਕਟਰ ਬੈਂਕ, ਸ਼ਡਿਊਲਡ ਪ੍ਰਾਈਵੇਟ ਸੈਕਟਰ ਇੰਡੀਅਨ ਬੈਂਕ ਅਤੇ ਰੀਜ਼ਨਲ ਰੂਰਲ ਬੈਂਕਸ ) ਦੀ ਮੰਗ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਨਮ ਦੇ ਸਬੂਤ ਵਜੋਂ ਰਜਿਸਟਰਾਰ ਜਨਮ ਅਤੇ ਮੌਤ ਵੱਲੋਂ ਅਧਿਕਾਰਤ ਦਫ਼ਤਰ ਵੱਲੋਂ ਜਾਰੀ ਜਨਮ ਸਰਟੀਫਿਕੇਟ, ਮਾਨਤਾ ਪ੍ਰਾਪਤ ਵਿੱਦਿਅਕ ਬੋਰਡ ਜਾਂ ਸੰਸਥਾਂ ਵੱਲੋਂ ਜਾਰੀ ਦਸਵੀਂ ਜਾਂ ਤਬਾਦਲਾ ਜਾਂ ਸਕੂਲ ਛੱਡਣ ਦਾ ਸਰਟੀਫਿਕੇਟ ਜਿਸ ’ਤੇ ਪ੍ਰਾਰਥੀ ਦੀ ਜਨਮ ਮਿਤੀ ਦਰਸ਼ਾਈ ਹੋਵੇ, ਪੈਨ ਕਾਰਡ, ਪਾਸਪੋਰਟ, ਪ੍ਰਾਰਥੀ ਨਾਲ ਸਬੰਧਤ ਮਿਨੀਸਟਰੀ ਜਾਂ ਵਿਭਾਗ ਦੇ ਅਧਿਕਾਰੀ ਵੱਲੋਂ ਤਸਦੀਕਸ਼ੁਦਾ ਸਰਵਿਸ ਰਿਕਾਰਡ ਦੀ ਕਾਪੀ (ਸਿਰਫ਼ ਸਰਕਾਰੀ ਮੁਲਾਜ਼ਮਾਂ ਲਈ) ਜਾਂ ਤਨਖ਼ਾਹ ਪੈਨਸ਼ਨ ਆਰਡਰ (ਸੇਵਾ ਮੁਕਤ ਸਰਕਾਰੀ ਕਰਮਚਾਰੀਆਂ ਲਈ) ਜਿਸ ’ਤੇ ਪ੍ਰਾਰਥੀ ਦੀ ਜਨਮ ਮਿਤੀ ਦਰਸਾਈ ਹੋਵੇ, ਡਰਾਈਵਿੰਗ ਲਾਇਸੰਸ, ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਰ ਆਈ.ਡੀ. ਕਾਰਡ ਅਤੇ ਆਧਾਰ ਕਾਰਡ ਜਾਂ ਮੌਜੂਦਾ ਮਿਤੀ ਦਾ ਆਧਾਰ ਕਾਰਡ ਮੰਗਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਨੇ ਸਬੰਧਤ ਵਿਭਾਗਾਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪ੍ਰਾਰਥੀ ਕੋਲੋ ਦਸਤਾਵੇਜ਼ਾਂ ਮੰਗ ਕੀਤੀ ਜਾਵੇ।











