ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਔੜ ਜਿਲ੍ਹਾ ਐਸ.ਬੀ.ਐਸ ਨਗਰ ਵਿਖੇ ਤਾਇਨਾਤ ਏ.ਐਸ.ਆਈ. ਰਾਮ ਪ੍ਰਕਾਸ਼ ਨੂੰ 12,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ. ਨੂੰ ਸ਼ਿਕਾਇਤ ਕਰਤਾ ਸ਼ਮਸ਼ੇਰ ਸਿੰਘ ਵਾਸੀ ਪੰਦਰਾਵਲ, ਜਿਲ੍ਹਾ ਐਸਬੀਐਸ ਨਗਰ ਦੀ ਸ਼ਿਕਾਇਤ ‘ਤੇ ਫ਼ੜਿਆ ਹੈ।
ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਥਾਣੇ ਵਿੱਚ ਦਰਜ ਇਕ ਪੁਲਿਸ ਸ਼ਿਕਾਇਤ ਵਿੱਚ ਉਸ ਦੀ ਮੱਦਦ ਕਰਨ ਬਦਲੇ ਉਕਤ ਏ.ਐਸ.ਆਈ. ਵਲੋਂ 13,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਹੈ ਪਰ ਉਹ 12,000 ਰੁਪਏ ਲੈਣ ਲਈ ਰਾਜੀ ਹੋ ਗਿਆ ਹੈ।
ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਏ.ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 12,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਦਬੋਚ ਲਿਆ।
ਬੁਲਾਰੇ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

