ਬਿਊਰੋ, ਪ੍ਰਾਈਮ ਪੋਸਟ ਪੰਜਾਬ
ਸੰਗਰੂਰ ਦੇ ਹਮੀਰਗੜ ਅਤੇ ਮੰਡਵੀ ਪਿੰਡ ਵਿੱਚ ਅੱਗ ਨੇ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਸਾੜ ਕੇ ਸੁਆਹ ਕਰ ਦਿੱਤੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 3 ਕਿਲੋਮੀਟਰ ਲੰਬੇ ਏਰੀਆ ਵਿੱਚ ਲੱਗੀ ਅੱਗ ਨੂੰ ਬੜੀ ਮੁਸ਼ਕਲ ਦੇ ਨਾਲ ਕਾਬੂ ਕੀਤਾ ਗਿਆ। ਇਸ ਘਟਨਾ ਨਾਲ ਕਿਸਾਨਾਂ ਦੇ ਘਰਾਂ ਵਿੱਚ ਮਾਤਮ ਛਾ ਗਿਆ ਹੈ। ਇੰਨਾਂ ਵਿੱਚੋਂ ਕਈ ਕਿਸਾਨਾਂ ਨੇ ਤਾਂ ਠੇਕੇ ਤੇ ਪੈਲੀ ਲੈ ਕੇ ਖੇਤੀ ਕੀਤੀ ਸੀ ਤੇ ਉਨ੍ਹਾਂ ਦੇ ਤੂੜੀ ਵੀ ਪੱਲੇ ਨਹੀਂ ਪਈ, ਉਲਟਾ ਘਰ ਵਿੱਚ ਖਾਣ ਲਈ ਦਾਣੇ ਵੀ ਨਹੀਂ। ਇਸ ਭਿਆਨਕ ਹਾਦਸੇ ਨਾਲ ਕਿਸਾਨਾਂ ਦੀਆਂ ਸਾਰੀਆਂ ਉਮੀਦਾਂ ਉੱਤੇ ਪਾਣੀ ਫਿਰ ਗਿਆ ਹੈ।
ਹਮੀਰਗੜ ਤੋਂ ਲੈਕੇ ਮੰਡਵੀ ਰੋਡ ਤੋਂ ਲੈ ਕੇ ਪਾਤੜਾਂ ਜਾਖੜ ਰੋਡ ਤੱਕ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਇਸਦੀ ਕਰੀਬ 3 ਕਿੱਲੋਮੀਟਰ ਤੱਕ ਦੀ ਲੰਬਾਈ ਹੋਵੇਗੀ। ਅੱਗ ਕਿਵੇਂ ਲੱਗੀ ਇਸ ਬਾਰੇ ਹਾਲੇ ਪਤਾ ਨਹੀਂ ਲੱਗਾ। ਕਿਸਾਨਾਂ ਮੁਤਾਬਿਕ ਜਿਹੜੇ ਕਿੱਲੇ ਨੂੰ ਅੱਗ ਲੱਗੀ ਹੈ, ਉਸਦਾ ਸੋ ਫੀਸਦੀ ਨੁਕਸਾਨ ਹੋਇਆ ਹੈ। ਪਰੇਸ਼ਾਨ ਕਿਸਾਨਾਂ ਨੇ ਕਿਹਾ ਕਿ ਨਾ ਤਾਂ ਸਰਕਾਰ ਘਰ ਪੂਰਾ ਕਰ ਸਕਦੀ ਹੈ ਇਹ ਤਾਂ ਸਾਨੂੰ ਪਤਾ ਹੈ ਪਰ ਇੰਨੀ ਜਰੂਰ ਮੰਗ ਕਰਦੇ ਹਾਂ ਕਿ ਘੱਟੋ-ਘੱਟ ਅਗਲੀ ਫਸਲ ਦੀ ਬਿਜਾਈ ਲਈ ਖਰਚਾ ਦੇ ਦੇਵੇ। ਜਿਸ ਨਾਲ ਉਹ ਖੇਤੀ ਕਰਨ ਲਈ ਮੁੜ ਤੋਂ ਪੈਰਾਂ ਸਿਰ ਖੜ੍ਹੇ ਹੋ ਜਾਣ।
ਇੱਕ ਹੋਰ ਘਟਨਾ ਵਿੱਚ ਜ਼ਿਲ੍ਹੇ ਦੇ ਨੇੜਲੇ ਪਿੰਡ ਸ਼ੇਰਪੁਰ ਸੋਢੀਆਂ ਦੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਤੇ ਨਾੜ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਜਾਣਕਾਰੀ ਮੁਤਾਬਕ,ਅੱਗ ਬੀਤੇ ਦਿਨ ਸਵੇਰੇ ਲਗਪਗ 10.30 ਵਜੇ ਲੱਗੀ। ਦੱਸਿਆ ਜਾ ਰਿਹਾ ਹੈ ਕਿ ਸ਼ੇਰਪੁਰ ਸੋਢੀਆਂ ਦੇ ਧੰਨਾ ਸਿੰਘ ਦੀ ਛੇ ਏਕੜ, ਪੂਰਨ ਸਿੰਘ ਦੀ ਅੱਠ ਏਕੜ, ਗੁਰਜੰਟ ਸਿੰਘ ਤੇ ਬਲਵਿੰਦਰ ਸਿੰਘ ਦੀ ਡੇਢ-ਡੇਢ ਏਕੜ, ਆਤਮਾ ਸਿੰਘ ਦੀ ਡੇਢ ਵਿੱਘਾ ਅਤੇ ਅਜੈਬ ਸਿੰਘ ਦੀ 42 ਵਿੱਘਾ ਕਣਕ ਅੱਗ ਦੀ ਚਪੇਟ ਵਿੱਚ ਆ ਗਈ।
ਇਸੇ ਤਰ੍ਹਾਂ ਅੱਗ ਕਾਰਨ ਗੁਰਵਿੰਦਰ ਸਿੰਘ ਦਾ ਚਾਰ ਏਕੜ ਅਤੇ ਜੋਗਾ ਸਿੰਘ ਦਾ ਇੱਕ ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾ ਦਾ ਪਤਾ ਨਹੀਂ ਚੱਲ ਸਕਿਆ। ਫਾਇਰ ਬਿਗ੍ਰੇਡ ਅਮਲੇ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਪਗ ਦੋ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ ਜਾ ਸਕਿਆ।

