ਕਣਕ ਦੇ ਖਰੀਦ ਸੀਜ਼ਨ ਦੌਰਾਨ ਮੰਡੀਆਂ ਵਿੱਚ ਕਿਸਾਨਾਂ ਦੀ ਸੁਵਿਧਾ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੇ ਪ੍ਰਬੰਧ ਮੁਕੰਮਲ-ਡਿਪਟੀ ਕਮਿਸ਼ਨਰ
ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ, 6 ਅਪ੍ਰੈਲ 2022 : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਅੱਜ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਵਿਧਾਇਕ ਸਰਦੂਲਗੜ ਵੱਲੋਂ ਅਨਾਜ ਮੰਡੀ ਸਰਦੂਲਗੜ ਵਿਖੇ ਕਣਕ ਦੀ ਖਰੀਦ ਪ੍ਕਿਰਿਆ ਦਾ ਕੰਮ ਸੁਰੂ ਕਰਵਾਇਆ। ਡਿਪਟੀ ਕਮਿਸਨਰ ਜਸਪ੍ਰੀਤ ਸਿੰਘ ਨੇ ਖਰੀਦ ਕਾਰਜਾਂ ਦਾ ਜਾਇਜ਼ ਲੈਦਿਆਂ ਮੌਕੇ ਤੇ ਹੀ ਕਣਕ ਦੀ ਬੋਲੀ ਕਰਵਾ ਕੇ ਖਰੀਦ ਕੀਤੀ ਕਣਕ ਦੀ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਅਦਾਇਗੀ ਕਰਵਾ ਦਿੱਤੀ।
ਡਿਪਟੀ ਕਮਿਸ਼ਨਰ ਮਾਨਸਾ ਜਸਪ੍ਰੀਤ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਅਨਾਜ ਮੰਡੀ ਵਿੱਚ ਕਿਸਾਨਾਂ ਨੂੰ, ਜਿੰਮੀਦਾਰਾਂ ਨੂੰ, ਆੜਤੀਆਂ ਨੂੰ, ਮਜ਼ਦੂਰਾਂ ਨੂੰ ਜਾਂ ਕਿਸੇ ਵੀ ਹੋਰ ਵਰਗ ਨੂੰ ਆਪਣੀ ਜਿਣਸ ਦੀ ਵਿਕਰੀ, ਚੁਕਾਈ, ਢੋਆ ਢੁਆਈ, ਅਦਾਇਗੀ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਇਸ ਪੱਖੋਂ ਪੂਰੀ ਤਰ੍ਹਾਂ ਮੁਸਤੈਦ ਹੈ ।
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਮੁੱਚੀ ਕਣਕ ਦੀ ਖਰੀਦ ਪ੍ਰਕਿਰਿਆ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨਾਂ ਕਿਹਾ ਕਿ ਜਿਲ੍ਹੇ ’ਚ 117 ਪੱਕੇ ਖਰੀਦ ਕੇਂਦਰ ਅਤੇ 22 ਆਰਜ਼ੀ ਖਰੀਦ ਕੇਂਦਰ ਬਣਾਏ ਗਏ ਹਨ । ਉਨਾਂ ਕਿਹਾ ਕਿ ਲਗਭਗ 6 ਲੱਖ 35 ਹਜ਼ਾਰ ਮੀਟਰਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਉਨਾਂ ਕਿਹਾ ਕਿ ਮੰਡੀਆਂ ਦੇ ਵਿਚ ਲਾਈਟਾਂ, ਪੀਣ ਵਾਲੇ ਪਾਣੀ, ਪਖਾਨੇ ਅਤੇ ਚੌਂਕੀਦਾਰਾਂ ਦਾ ਪ੍ਰਬੰਧ ਹਰ ਥਾਂ ’ਤੇ ਕੀਤਾ ਜਾਵੇਗਾ। ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਕ 24 ਘੰਟੇ ਦੇ ਅੰਦਰ ਅਦਾਇਗੀ ਅਤੇ 48 ਤੋਂ 72 ਘੰਟੇ ਦੇ ਅੰਦਰ ਅੰਦਰ ਲਿਫਟਿੰਗ ਕਾਰਜ਼ਾਂ ਨੂੰ ਨੇਪਰੇ ਚੜਾਇਆ ਜਾਵੇਗਾ।
ਇਸ ਮੌਕੇ ਐਸ.ਡੀ.ਐਮ. ਸਰਦੂਲਗੜ ਮਨੀਸ਼ਾ ਰਾਣਾ, ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਅਤਿੰਦਰ ਕੌਰ ਢਿੱਲੋਂ ਸਮੇਤ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ, ਕਿਸਾਨ, ਆੜਤੀਆਂ ਐਸੋਸੀਏਸ਼ਨ ਦੇ ਨੁਮਾਇੰਦੇ ਅਤੇ ਹੋਰ ਹਾਜ਼ਰ ਸਨ।

