ਬਿਊਰੋ, ਪ੍ਰਾਈਮ ਪੋਸਟ ਪੰਜਾਬ ਨਿਊਜ਼
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਪੰਜਾਬ ਵਿੱਚ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਖਤਮ ਕਰਨ ਲਈ ਹੈਲਪਲਾਈਨ ਨੰਬਰ 95012-00200 ਜਾਰੀ ਕੀਤਾ।
ਉਨ੍ਹਾਂ ਕਿਹਾ ਕਿ ਇਸ ਨੂੰ ‘ਐਂਟੀ ਕੁਰੱਪਸ਼ਨ ਐਕਸ਼ਨ ਲਾਈਨ’ ਕਿਹਾ ਜਾਵੇਗਾ। ਖਟਕੜ ਕਲਾਂ ਵਿਖੇ ਪੰਜਾਬ ਦੇ ਲੋਕਾਂ ਲਈ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਮਾਨ ਨੇ ਕਿਹਾ ਕਿ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਇਹ ਨੰਬਰ ਜਾਰੀ ਕੀਤਾ ਗਿਆ ਹੈ।
ਮਾਨ ਨੇ ਕਿਹਾ, “ਕੋਈ ਵੀ ਅਧਿਕਾਰੀ ਰਿਸ਼ਵਤ ਮੰਗਦਾ ਹੈ ਤਾਂ ਉਸ ਨੂੰ ਮਨ੍ਹਾ ਨਾ ਕਰਿਓ ਬਸ ਉਸਦੀ ਵੀਡੀਓ ਰਿਕਾਰਡ ਕਰਕੇ ਮੈਨੂੰ ਵ੍ਹਟਸਐਪ ‘ਤੇ ਭੇਜੋ, ਫਿਰ ਉਹ ਭਾਵੇਂ ਸਾਡਾ ਮੰਤਰੀ ਹੋਵੇ, ਜਾਂ ਵਿਧਾਇਕ, ਉਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।”
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਮੈਨੂੰ 3 ਕਰੋੜ ਪੰਜਾਬੀਆਂ ਦਾ ਸਾਥ ਚਾਹੀਦਾ ਹੈ, ਜਿਸ ਨਾਲ ਅਸੀਂ ਪੰਜਾਬ ਨੂੰ ਇੱਕ ਮਹੀਨੇ ਦੇ ਅੰਦਰ ਭ੍ਰਿਸ਼ਟਾਚਾਰ ਮੁਕਤ ਕਰ ਦਿਆਂਗੇ। ਇਹ ਨੰਬਰ ਅੱਜ ਦੇ ਦਿਨ ਜਾਰੀ ਕਰ ਰਹੇ ਹਾਂ, ਇਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।’

