ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ਨਿਊਜ਼ )
ਸਾਲ 2017 ਵਿੱਚ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲਗਾਤਾਰ ਦੂਜੀ ਵਾਰ 2022 ਵਿੱਚ ਵਿਧਾਇਕ ਬਣੇ ਗੁਰਮੀਤ ਸਿੰਘ ਮੀਤ ਹੇਅਰ ਭਗਵੰਤ ਮਾਨ ਸਰਕਾਰ ਵਿੱਚ ਮੰਤਰੀ ਹੋਣਗੇ। 21 ਅਪ੍ਰੈਲ 1989 ਨੂੰ ਬਰਨਾਲਾ ਵਿੱਚ ਪਿਤਾ ਚਮਕੌਰ ਸਿੰਘ ਤੇ ਮਾਤਾ ਸਰਬਜੀਤ ਕੌਰ ਦੇ ਘਰ ਪੈਦਾ ਹੋਏ ਮੀਤ ਹੇਅਰ ਨੇ 10ਵੀਂ ਤੱਕ ਦੀ ਸਿੱਖਿਆ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਤੋਂ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ 12ਵੀਂ ਨਾਨ-ਮੈਡੀਕਲ ਨਾਲ ਚੰਡੀਗੜ੍ਹ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਬੀਟੈੱਕ ਕੀਤੀ। ਫਿਰ ਉਹ ਸਿਵਲ ਸੇਵਾ ਦੀ ਤਿਆਰੀ ਕਰਨ ਲੱਗੇ ਪਰ ਇਸੇ ਦੌਰਾਨ ਦਿੱਲੀ ਵਿੱਚ ਅੰਨਾ ਹਜ਼ਾਰੇ ਦਾ ਅੰਦੋਲਨ ਸ਼ੁਰੂ ਹੋਇਆ। ਮੀਤ ਹੇਅਰ ਅੰਨਾ ਹਜਾਰੇ ਅੰਦੋਲਨ ਨਾਲ ਜੁੜੇ। ਸਧਾਰਨ ਪਰਿਵਾਰ ਤੇ ਬਿਨਾਂ ਕਿਸੇ ਸਿਆਸੀ ਬੈਕਗਰਾਊਂਡ ਦੇ ਬਾਵਜੂਦ ਮੀਤ ਹੇਅਰ ਨੇ ਬਹੁਤ ਸੂਝਬੂਝ ਨਾਲ ਆਮ ਆਦਮੀ ਪਾਰਟੀ ਰਾਹੀਂ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ।
ਬਤੌਰ ਪਾਰਟੀ ਵਰਕਰ ਕਾਫੀ ਮਿਹਨਤ ਕੀਤੀ ਤੇ 2016 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਯੂਥ ਵਿੰਗ ਦੇ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੇ ਮੀਤ ਹੇਅਰ ਨੂੰ ਹਲਕਾ ਬਰਨਾਲਾ ਤੋਂ ਟਿਕਟ ਦਿੱਤਾ। 27 ਸਾਲ ਦੀ ਉਮਰ ਵਿੱਚ ਮੀਤ ਹੇਅਰ ਨੇ ਕਾਂਗਰਸ ਪਾਰਟੀ ਦੇ ਮਜ਼ਬੂਤ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 2432 ਵੋਟਾਂ ਨਾਲ ਮਾਤ ਦਿੱਤੀ।
ਵਿਰੋਧੀ ਧਿਰ ਵਿੱਚ ਹੁੰਦੇ ਹੋਏ ਮੀਤ ਹੇਅਰ ਨੇ ਵਿਧਾਨ ਸਭਾ ਹਲਕਾ ਬਰਨਾਲਾ ਤੇ ਪੂਰੇ ਪੰਜਾਬ ਦੇ ਮੁੱਦੇ ਨੂੰ ਚੁੱਕਿਆ ਤੇ ਹੱਲ ਵੀ ਕਰਵਾਇਆ। ਬਰਨਾਲਾ, ਧਨੌਲਾ ਵਿੱਚ ਪੰਜ ਮਰਲੇ ਦੇ ਲਗਭਗ 5,000 ਘਰਾਂ ‘ਤੇ ਲੱਗੇ ਪਾਣੀ ਤੇ ਸੀਵਰੇਜ ਦੇ ਬਿੱਲਾਂ ਦਾ ਮੁੱਦਾ ਚੁੱਕ ਕੇ ਬਿੱਲਾਂ ਨੂੰ ਮਾਫ ਕਰਵਾਇਆ ਤੇ ਹਲਕੇ ਦੇ ਵਿਕਾਸ ਕੰਮਾਂ ਲਈ ਕਈ ਧਰਨੇ ਦਿੱਤੇ।
ਹਲਕਾ ਬਰਨਾਲਾ ਵਿੱਚ 25 ਸਾਲ ਬਾਅਦ ਕੋਈ ਵਿਧਾਇਕ ਸੱਤਾਧਾਰੀ ਧਿਰ ਦਾ ਬਣਿਆ ਹੈ। 30 ਸਾਲ ਬਾਅਦ ਬਰਨਾਲਾ ਸ਼ਹਿਰ ਨੂੰ ਕੈਬਨਿਟ ਮੰਤਰੀ ਮਿਲਿਆ ਹੈ। ਇਸ ਲਈ ਹਲਕੇ ਦੇ ਲੋਕਾਂ ਨੂੰ ਕੈਬਨਿਟ ਮੰਤਰੀ ਮੀਤ ਹੇਅਰ ਤੋਂ ਕਾਫੀ ਉਮੀਦਾਂ ਹਨ। ਬਰਨਾਲਾ ਸ਼ਹਿਰ ਵਿੱਚ ਮਲਟੀਪਰਪਜ਼ ਸਰਕਾਰੀ ਹਸਪਤਾਲ ਦਾ ਨਿਰਮਾਣ ਹੋਣਾ, ਮੈਡੀਕਲ ਕਾਲਜ ਹੋਣਾ, ਸਰਕਾਰੀ ਯੂਨੀਵਰਸਿਟੀ, ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨਾ, ਸਾਰੇ ਸਰਕਾਰੀ ਸਕੂਲਾਂ ਵਿੱਚ ਟੀਚਰਾਂ ਦੇ ਖਾਲੀ ਅਹੁਦਿਆਂ ‘ਤੇ ਭਰਤੀ ਕਰਵਾਉਣਾ, ਸ਼ਹਿਰ ਵਿੱਚ ਪਾਰਕਿੰਗ ਆਦਿ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਉਨ੍ਹਾਂ ਦੀ ਮੁੱਖ ਮੰਗ ਹੈ।

