ਪਰਵਿੰਦਰ ਝੋਟਾ ਕਤਲ ਕਾਂਡ : ਇਨਸਾਫ ਕਮੇਟੀ ਤੇ ਸਰਕਾਰ ਵਿਚਾਲੇ ਬਣੀ ਸਹਿਮਤੀ, ਜਲਦੀ ਹੋ ਸਕਦਾ ਏ ਸਸਕਾਰ
ਸੰਜੀਵ ਜਿੰਦਲ
ਮਾਨਸਾ, 5 ਨਵੰਬਰ : ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਨੂੰ ਲੈ ਕੇ ਪਿਛਲੇ 23 ਦਿਨਾਂ ਤੋਂ ਚੱਲ ਰਿਹਾ ਧਰਨਾ ਅਖੀਰ ਖਤਮ ਹੋਣ ਦੇ ਆਸਾਰ ਬਣ ਗਏ ਹਨ। ਮਾਨਸਾ ਦੇ ਜ਼ਿਲ੍ਹਾ ਬੱਚਤ ਭਵਨ ਵਿਖੇ ਬੁੱਧਵਾਰ ਦੇਰ ਰਾਤ ਇਨਸਾਫ ਕਮੇਟੀ ਅਤੇ ਪੰਜਾਬ ਸਰਕਾਰ ਵਿਚਾਲੇ ਹੋਈ ਅਹਿਮ ਮੀਟਿੰਗ ‘ਚ ਸਹਿਮਤੀ ਬਣ ਗਈ ਹੈ।
5 ਘੰਟੇ ਤੱਕ ਚੱਲੀ ਇਸ ਮੈਰਾਥਨ ਮੀਟਿੰਗ ‘ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਏਡੀਜੀਪੀ ਗੌਤਮ ਚੀਮਾ ਸਰਕਾਰ ਵੱਲੋਂ ਸ਼ਾਮਲ ਹੋਏ, ਜਦਕਿ ਦੂਜੇ ਪਾਸੇ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ, ਪਤਨੀ ਮਨਪ੍ਰੀਤ ਕੌਰ ਅਤੇ ਇਨਸਾਫ ਐਕਸ਼ਨ ਕਮੇਟੀ ਦੇ ਆਗੂ ਮੌਜੂਦ ਰਹੇ।
ਮੀਟਿੰਗ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਪਰਿਵਾਰ ਦੀਆਂ ਸਾਰੀਆਂ ਮੰਗਾਂ ਮੰਨੇ ਜਾਣ ਦਾ ਐਲਾਨ ਕੀਤਾ।ਸਰਕਾਰ ਵੱਲੋਂ ਮੰਨੀਆਂ ਗਈਆਂ ਮੁੱਖ ਮੰਗਾਂ ਸਪੀਕਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹੇਠ ਲਿਖੀਆਂ ਮੰਗਾਂ ‘ਤੇ ਸਹਿਮਤੀ ਬਣੀ ਹੈ:
1. ਸਸਕਾਰ ਅਤੇ ਪੋਸਟਮਾਰਟਮ: 6 ਨਵੰਬਰ ਨੂੰ ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਸਸਕਾਰ ਕੀਤਾ ਜਾਵੇਗਾ।
2. ਪਰਿਵਾਰ ਲਈ ਮੁਆਵਜ਼ਾ ਤੇ ਨੌਕਰੀ: ਪਰਵਿੰਦਰ ਦੀ ਪਤਨੀ ਮਨਪ੍ਰੀਤ ਕੌਰ ਨੂੰ ਯੋਗਤਾ ਦੇ ਅਧਾਰ ‘ਤੇ ਸਰਕਾਰੀ ਨੌਕਰੀ ਅਤੇ ਪਰਿਵਾਰ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
3. ਪਰਚੇ ਰੱਦ: ਪਰਵਿੰਦਰ ਝੋਟਾ ਦੇ ਪਿਤਾ ਅਤੇ ਐਂਟੀ-ਡਰੱਗ ਟਾਸਕ ਟੀਮ ‘ਤੇ ਦਰਜ ਮਾਮਲੇ ਰੱਦ ਕੀਤੇ ਜਾਣਗੇ। ਇਸ ਦੇ ਨਾਲ ਹੀ ਪੰਜਾਬ ਭਰ ‘ਚ ਫਲੈਕਸ ਪਾੜਨ ਨੂੰ ਲੈ ਕੇ ਦਰਜ ਹੋਏ ਸਾਰੇ ਮਾਮਲੇ ਵੀ ਰੱਦ ਹੋਣਗੇ।
4. ਲੁਧਿਆਣਾ ਮਾਮਲੇ ‘ਚ ਮੁਆਵਜ਼ਾ: ਲੁਧਿਆਣਾ ‘ਚ ਪ੍ਰੋਟੈਸਟ ਦੌਰਾਨ ਜਾਨ ਗਵਾਉਣ ਵਾਲੇ ਨੌਜਵਾਨ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।
5. ਯਾਦਗਾਰੀ ਐਲਾਨ: ਮਾਨਸਾ ‘ਚ ਪਰਵਿੰਦਰ ਝੋਟਾ ਦਾ ਬੁੱਤ ਲਗਾਇਆ ਜਾਵੇਗਾ ਅਤੇ ਉਸ ਦੇ ਨਾਮ ‘ਤੇ ਪਿੰਡ ਖਿਆਲਾ ਵਿਖੇ ਟਰੋਮਾ ਸੈਂਟਰ ਬਣਾਇਆ ਜਾਵੇਗਾ, ਜਿਸ ਨੂੰ ਸਰਕਾਰ ਜਲਦ ਮਨਜ਼ੂਰੀ ਦੇਵੇਗੀ।
6. ਰਿਹਾਈ ਦਾ ਮੁੱਦਾ: ਪੋਸਟਮਾਰਟਮ ਤੋਂ ਪਹਿਲਾਂ ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋ ਦੀ ਰਿਹਾਈ ਕੀਤੀ ਜਾਵੇਗੀ।
ਇਨਸਾਫ ਕਮੇਟੀ ਦਾ ਕੀ ਕਹਿਣਾ ਹੈ?
ਸਹਿਮਤੀ ਤੋਂ ਬਾਅਦ ਇਨਸਾਫ ਕਮੇਟੀ ਦੇ ਮੈਂਬਰ ਨੇ ਕਿਹਾ ਕਿ, “ਸਰਕਾਰ, ਪਰਿਵਾਰ ਅਤੇ ਐਕਸ਼ਨ ਕਮੇਟੀ ਵਿਚਾਲੇ ਸਾਰੀਆਂ ਮੰਗਾਂ ‘ਤੇ ਗੱਲਬਾਤ ਹੋਈ ਹੈ। ਸਪੀਕਰ ਸਾਹਿਬ ਨੇ ਜੋ ਐਲਾਨ ਕੀਤੇ ਹਨ, ਸਾਨੂੰ ਉਮੀਦ ਹੈ ਉਹ ਜਲਦ ਪੂਰੇ ਹੋਣਗੇ।”
ਕਮੇਟੀ ਨੇ ਇਹ ਵੀ ਐਲਾਨ ਕੀਤਾ ਕਿ 5 ਨਵੰਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕੀਤਾ ਜਾਂਦਾ ਹੈ।
ਕਮੇਟੀ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋ ਦੀ ਰਿਹਾਈ ਨਹੀਂ ਹੁੰਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਰਿਹਾਈ ਹੁੰਦੇ ਹੀ ਧਰਨਾ ਸਮਾਪਤ ਕਰਕੇ ਪੋਸਟਮਾਰਟਮ ਅਤੇ ਸਸਕਾਰ ਕਰ ਦਿੱਤਾ ਜਾਵੇਗਾ। ਕਮੇਟੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੂੰ ਨੈਤਿਕ ਆਧਾਰ ‘ਤੇ ਅਸਤੀਫਾ ਦੇ ਦੇਣਾ ਚਾਹੀਦਾ ਸੀ, ਹੁਣ ਲੋਕ ਚੋਣਾਂ ‘ਚ ਫੈਸਲਾ ਕਰਨਗੇ।
ਦੱਸ ਦੇਈਏ ਕਿ ਸੀਬੀਆਈ ਵੀ ਇਸ ਮਾਮਲੇ ਦੀ ਜਾਂਚ ਤੇਜ਼ ਕਰਨ ਲਈ ਪੋਸਟਮਾਰਟਮ ਦੀ ਮੰਗ ਕਰ ਰਹੀ ਸੀ।

