ਸੰਜੀਵ ਜਿੰਦਲ
ਮਾਨਸਾ, 6 ਮਾਰਚ : ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਨਵਜੋਤ ਕੌਰ ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ 8 ਮਾਰਚ ਤੋਂ 14 ਮਾਰਚ ਤੱਕ ਵਿਸ਼ਵ ਕਾਲਾ ਮੋਤੀਆ ਹਫ਼ਤਾ ਮਨਾਇਆ ਜਾਵੇਗਾ ਜਿਸ ਦੇ ਤਹਿਤ ਆਮ ਲੋਕਾਂ ਨੂੰ ਅੱਖਾਂ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਸਾਨੂੰ ਅੱਖਾਂ ਦੀ ਨਿਯਮਿਤ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਗਲੂਕੋਮਾ ਦੇ ਲੱਛਣਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸਾਧਾਰਣ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਨ ਲਈ ਐਨਕਾਂ ਦਾ ਵਾਰ-ਵਾਰ ਨੰਬਰ ਬਦਲਣਾ,ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ ਦਾ ਦਿਸਣਾ, ਅੱਖਾਂ ਵਿੱਚ ਦਰਦ ਅਤੇ ਲਾਲੀ ਦੇ ਨਾਲ ਅਚਾਨਕ ਦ੍ਰਿਸ਼ਟੀ ਦਾ ਕਮਜ਼ੋਰ ਹੋਣਾ, ਦ੍ਰਿਸ਼ਟੀ ਦੇ ਖੇਤਰ ਦਾ ਸੀਮਤ ਹੋਣਾ ਆਦਿ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਹੋਣ ‘ਤੇ ਅੱਖਾਂ ਦਾ ਦਬਾਅ ਚੈੱਕ ਕਰਵਾਉਣਾ ਚਾਹੀਂਦਾ ਹੈ, ਪਲ-ਪਲ ਦੀ ਦੇਰੀ ਮਰੀਜ਼ ਨੂੰ ਉਸ ਦੀਆਂ ਅੱਖਾਂ ਦੀ ਰੋਸ਼ਨੀ ਤੋਂ ਦੂਰ ਲੈ ਜਾਂਦੀ ਹੈ। ਇਸ ਰੋਗ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਕਿਸੇ ਰਿਸ਼ਤੇਦਾਰ ਦਾ ਇਸ ਬਿਮਾਰੀ ਤੋਂ ਪੀੜਤ ਹੋਣਾ, ਸ਼ੂਗਰ, ਬਲੱਡ ਪ੍ਰੈਸ਼ਰ ਹੋਣਾ ਅਤੇ ਸਟੀਰਾਇਡ ਦਵਾਈਆਂ ਦੀ ਬੇਲੋੜੀ ਵਰਤੋਂ ਕਰਨਾ ਇਸ ਦਾ ਕਾਰਨ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਅੱਖਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਅੱਖਾਂ ਨੂੰ ਸਾਫ ਪਾਣੀ ਨਾਲ ਧੋੋਦੇਂ ਰਹਿਣਾ ਚਾਹੀਦਾ ਹੈ, ਨੁਕੀਲੀਆਂ ਵਸਤਾਂ ਬੱੱਚਿਆਂ ਦੀ ਪਹੁੰਚ ਤੋਂ ਦੂਰ ਰੱਖਣੀਆਂ ਚਾਹੀਦੀਆਂ ਹਨ। ਬਿਮਾਰੀ ਦੀ ਜਲਦ ਪਹਿਚਾਣ ਹੋਣ ‘ਤੇ ਜਲਦ ਇਲਾਜ ਸ਼ੁਰੂ ਹੋਣ ਨਾਲ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਜਿਆਦਾਤਰ ਮਾਮਲਿਆਂ ਵਿੱਚ ਲਗਾਤਾਰ ਜਾਂਚ ਕਰਵਾ ਕੇ ਇਸ ਬਿਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ।

