
ਪਿੰਡ ਉਡਤ ਭਗਤ ਰਾਮ, ਝੇਰਿਆਂਵਾਲੀ ਅਤੇ ਛਾਪਿਆਂਵਾਲੀ ਵਿਖੇ ਲੋਕਾਂ ਨੇ ਨਸ਼ਾ ਨਾ ਕਰਨ ਅਤੇ ਨਸ਼ਾ ਤਸਰਕਾਂ ਦਾ ਸਾਥ ਨਾ ਦੇਣ ਦਾ ਲਿਆ ਅਹਿਦ
ਸੰਜੀਵ ਜਿੰਦਲ
ਸਰਦੂਲਗੜ੍ਹ/ਮਾਨਸਾ, 2 ਜੂਨ : ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਵਿੱਚ ਨੌਜਵਾਨ ਆਪਣਾ ਅਹਿਮ ਯੋਗਦਾਨ ਅਦਾ ਕਰ ਸਕਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ੍ਰ. ਚਰਨਜੀਤ ਸਿੰਘ ਅੱਕਾਂਵਾਲੀ ਨੇ ਬੀਤੇ ਕੱਲ ਸਰਦੂਲਗੜ੍ਹ ਹਲਕੇ ਦੇ ਪਿੰਡਾਂ ਉਡਤ ਭਗਤ ਰਾਮ, ਝੇਰਿਆਂਵਾਲੀ ਅਤੇ ਛਾਪਿਆਂਵਾਲੀ ਵਿਖੇ ਨਸ਼ਾ ਰੋਕੂ ਰੱਖਿਆ ਕਮੇਟੀਆਂ ਨਾਲ ਮੀਟਿੰਗ ਕਰਦਿਆਂ ਕੀਤਾ। ਉਨ੍ਹਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਸਰਕਾਰ ਦਾ ਸਾਥ ਦੇਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦਾ ਪੁਰਾ ਸਮਰਥਨ ਕਰ ਰਹੇ ਹਨ ਜਿਸ ਸਦਕਾ ਨਸ਼ਾ ਤਸਕਰਾਂ ਦੀ ਲਗਾਤਾਰ ਗ੍ਰਿਫ਼ਤਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾਵਾਂ ਨਸ਼ਿਆਂ ਦਾ ਖਾਤਮਾ ਹੋਣ ਤੱਕ ਜਾਰੀ ਰਹਿਣਗੀਆਂ ਅਤੇ ਹਰੇਕ ਨਸ਼ਾ ਮੁਕਤ ਸੂਬੇ ਦੀ ਸਿਰਜਣਾ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਕੇ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਤੌਰ ‘ਤੇ ਖਾਤਮਾ ਕਰ ਰਹੀ ਹੈ ਉੱਥੇ ਹੀ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਦਾ ਨਸ਼ਾ ਛੁਡਵਾ ਕੇ ਉਹਨਾਂ ਨੂੰ ਮੁੜ ਤੋਂ ਆਪਣੇ ਪੈਰਾਂ ‘ਤੇ ਖੜੇ ਕਰਨ ਲਈ ਵੀ ਉਪਰਾਲੇ ਕਰ ਰਹੀ ਹੈ।ਇਸ ਮੌਕੇ ਉਨ੍ਹਾਂ ਲੋਕਾਂ ਨੂੰ ਨਸ਼ਾ ਨਾ ਕਰਨ, ਨਸ਼ਾ ਤਸਕਰਾਂ ਦਾ ਸਾਥ ਨਾ ਦੇਣ ਦੀ ਸਹੁੰ ਵੀ ਚੁੱਕਵਾਈ।

