ਡਾ. ਲਖਵਿੰਦਰ ਸਿੰਘ ਮੂਸਾ ਦਾ ਕਿਤਾਬ ‘ਸ਼ਤਰੰਜ ਅਤੇ ਜਿੰਦਗੀ’ ਲਿਖਣ ਲਈ ਕੀਤਾ ਗਿਆ ਸਨਮਾਨ

ਸੰਜੀਵ ਜਿੰਦਲ
ਮਾਨਸਾ, 11 ਮਾਰਚ 2025 : ਸਮਾਜਿਕ ਸੰਸਥਾ ‘ਵਾਇਸ ਆਫ ਮਾਨਸਾ’ ਵੱਲੋਂ ਵਿੱਤੀ ਸਾਲ ਦੀ ਆਖਰੀ ਮੀਟਿੰਗ ਮਾਨਸਾ ਕਲੱਬ ਮਾਨਸਾ ਵਿਖੇ ਡਾ. ਜਨਕ ਰਾਜ ਸਿੰਗਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਗਈ ।
ਮੀਟਿੰਗ ਦੀ ਕਾਰਵਾਈ ਆਰੰਭ ਕਰਦਿਆਂ ਜਰਨਲ ਸਕੱਤਰ ਵਿਸ਼ਵਦੀਪ ਬਰਾੜ ਨੇ ਬੀਤੇ ਵਰ੍ਹੇ ਦੀਆਂ ਸਾਰੀਆਂ ਸਮਾਜਿਕ ਗਤੀਵਿਧੀਆਂ ਅਤੇ ਵੱਖ ਵਖ ਕਾਰਜਾਂ ਦੀ ਸਫਲਤਾ ਲਈ ਮੈਂਬਰਾਂ ਨੂੰ ਵਧਾਈ ਦਿੱਤੀ । ਸੰਸਥਾ ਦੇ ਸੀਨੀਅਰ ਮੈਂਬਰ ਡਾ ਸ਼ੇਰਜੰਗ ਸਿੰਘ ਸਿੱਧੂ ਅਤੇ ਡਾ. ਵਿਸ਼ਾਲ ਨੇ ਸ਼ਹਿਰ ਦੇ ਸਮੂਹ ਨਾਗਰਿਕਾਂ ਦੀ ਸੁਰੱਖਿਆ ਲਈ ਸ਼ਹਿਰ ਦੀਆਂ ਦੀ ਵੱਖ ਵੱਖ ਇੰਟਰੀ ਅਤੇ ਬਾਹਰ ਜਾਣ ਵਾਲੀਆਂ ਸੜਕਾਂ ਤੇ ਨੰਬਰ ਪਲੇਟਾਂ ਤੋਂ ਨੰਬਰ ਨੋਟ ਕਰਨ ਵਾਲੇ ਕੈਮਰੇ ਲਗਵਾਉਣ ਲਈ ਸੰਸਥਾ ਵੱਲੋਂ ਯਤਨ ਕੀਤੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ। ਸਮੂਹ ਮੈਂਬਰਾਂ ਵਲੋਂ ਇਸ ਤੇ ਸਹਿਮਤੀ ਦਿੱਤੀ ਗਈ ਅਤੇ ਨਾਲ ਹੀ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਵਲੋਂ ਸ਼ਹਿਰ ਵਿਚੋਂ ਗੁਜ਼ਰਦੀ ਰੇਲਵੇ ਲਾਇਨ ਦੇ ਨਾਲ ਨਾਲ ਖਾਲੀ ਥਾਵਾਂ ਤੇ ਰੇਲਵੇ ਨਾਲ ਮਿਲ ਕੇ ਦਰੱਖਤ ਲਗਾਉਣ ਦੀ ਮੰਗ ਤੇ ਵੀ ਸਹਿਮਤੀ ਦਿੱਤੀ ਗਈ ।
ਮੈਂਬਰਾਂ ਵਲੋਂ ਮੁੱਖ ਮੰਤਰੀ ਪੰਜਾਬ ਵਲੋਂ ਕੀਤੇ ਗਏ ਐਲਾਨ ਤਹਿਤ ਮਾਨਸਾ ਲਈ ਸੀਵਰੇਜ ਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਕਾਰਵਾਈਆਂ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਨਾਲ ਹੀ ਮੰਗ ਕੀਤੀ ਕਿ ਸ਼ਹਿਰ ਦੇ ਜਿਸ ਵੀ ਇਲਾਕੇ ਵਿਚ ਗੰਦਾ ਪਾਣੀ ਖੜ੍ਹਦਾ ਹੈ ਉਸ ਦੀ ਸਫਾਈ ਸਥਾਨਕ ਪ੍ਰਸ਼ਾਸ਼ਨ ਤੋਂ ਯਕੀਨੀ ਬਣਾਈ ਜਾਵੇ। ਮੈਂਬਰਾਂ ਵਲੋਂ ਨਸ਼ਿਆਂ ਖਿਲਾਫ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਸਖਤੀ ਦਾ ਵੀ ਸਵਾਗਤ ਕੀਤਾ ਅਤੇ ਸਰਕਾਰ ਵਲੋਂ ਖਾਲੀ ਪਈਆਂ ਅਸਾਮੀਆਂ ਤੇ ਕੀਤੀਆਂ ਜਾ ਰਹੀਆਂ ਭਰਤੀਆ ਨਾਲ ਵੀ ਨੌਜਵਾਨਾਂ ਦਾ ਭਲਾ ਕਰਨ ਲਈ ਧੰਨਵਾਦ ਕੀਤਾ ਗਿਆ।
ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਇਸ ਮੌਕੇ ਦੱਸਿਆ ਕਿ ਸੰਸਥਾ ਵਲੋਂ ਉਮੀਦ ਨਾਮ ਦਾ ਇਕ ਗਰੁੱਪ ਵੀ ਬਣਾਇਆ ਗਿਆ ਹੈ ਜਿਸਦੇ ਤਹਿਤ ਕਈ ਬੇਘਰੇ ਲੋਕਾ ਦੇ ਘਰਾਂ ਦੀ ਉਸਾਰੀ ਦੇ ਨਾਲ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਅਦਾ ਕਰਕੇ ਉਹਨਾਂ ਦੀ ਪੜਾਈ ਯਕੀਨੀ ਬਣਾਈ ਗਈ ਹੈ। ਸੰਸਥਾ ਦੇ ਪ੍ਰੋਜੈਕਟ ਮੈਨੇਜਰ ਡਾ ਲਖਵਿੰਦਰ ਮੂਸਾ ਵਲੋਂ ਲ਼ਿਖੀ ਕਿਤਾਬ ਸ਼ਤਰੰਜ ਅਤੇ ਜ਼ਿੰਦਗੀ ਦੀ ਉਨਾ ਦੀ ਨਿਊਜ਼ੀਲੈਂਡ ਫੇਰੀ ਦੌਰਾਨ ਅੰਤਰਰਾਸ਼ਟਰੀ ਮੰਚਾਂ ਉਪਰ ਵਿਚਾਰ ਚਰਚਾ ਵਿਚ ਸੰਸਥਾ ਦਾ ਉਚੇਚਾ ਜ਼ਿਕਰ ਕੀਤੇ ਜਾਣ ਲਈ ਸੀਨੀਅਰ ਮੈਂਬਰਾਂ ਬਿੱਕਰ ਸਿੰਘ ਮਘਾਣੀਆਂ, ਨਰਿੰਦਰ ਸ਼ਰਮਾ ਅਤੇ ਹੰਸਰਾਜ ਮੋਫਰ ਵਲੋਂ ਧੰਨਵਾਦ ਕੀਤਾ ਗਿਆ। ਸੰਸਥਾ ਦੇ ਮੀਤ ਪ੍ਰਧਾਨ ਐਡਵੋਕੇਟ ਨਵਲ ਗੋਇਲ ਵਲੋਂ ਉਹਨਾਂ ਦੇ ਸਨਮਾਨ ਦਾ ਮਤਾ ਪਾਇਆ ਗਿਆ ਜਿਸ ਨੂੰ ਸਾਰੇ ਮੈਬਰਾਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਪਾਸ ਕੀਤਾ। ਸਾਰੇ ਮੈਂਬਰਾਂ ਵਲੋਂ ਡਾ ਮੂਸਾ ਦਾ ਸਰੋਪਾ ਦੇ ਕੇ ਵਿਸ਼ੇਸ਼ ਸਨਮਾਨ ਵੀ ਕੀਤਾ।
ਇਸ ਮੌਕੇ ਟੈਕਸ ਐਡਵੋਕੇਟਸ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਜਾਣ ਤੇ ਸੰਸਥਾ ਮੈਂਬਰ ਆਰ. ਸੀ. ਗੋਇਲ ਅਤੇ ਪੇਸਟੀਸਾਇਡ ਡੀਲਰਜ਼ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਚੁਣੇ ਜਾਣ ਤੇ ਤਰਸੇਮ ਮਿੱਢਾ ਨੂੰ ਵੀ ਸੰਸਥਾ ਮੈਂਬਰਾਂ ਵਲੋਂ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਕੈਸ਼ੀਅਰ ਨਰੇਸ਼ ਬਿਰਲਾ ਵਲੋਂ ਸਾਰੇ ਸਾਲ ਦੇ ਖਰਚੇ ਬਾਰੇ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ ਰੇਲਵੇ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਸਥਾ ਦੇ ਮੈਂਬਰਾਂ ਦੀਆਂ ਦੋ ਕਮੇਟੀਆਂ ਵੀ ਕਾਇਮ ਕੀਤੀਆਂ ਗਈਆਂ ਜਿਸਦੇ ਲਈ ਮੈਂਬਰਾਂ ਵਲੋਂ ਵਾਲੰਟੀਅਰ ਤੌਰ ਤੇ ਕੰਮ ਕਰਨ ਦੀ ਸਹਿਮਤੀ ਦਿੱਤੀ ਗਈ।
ਇਸ ਮੌਕੇ ਐਡਵੋਕੇਟ ਕੇਸਰ ਸਿੰਘ ਧਲੇਵਾਂ, ਸੇਠੀ ਸਿੰਘ ਸਰਾਂ ਜਸਵੰਤ ਸਿੰਘ, ਹਰਜੀਵਨ ਸਰਾਂ, ਦਰਸ਼ਨਪਾਲ ਗਰਗ, ਕ੍ਰਿਸ਼ਨ ਕੁਮਾਰ SDO ,ਰਾਜ ਜੋਸ਼ੀ, ਰਵਿੰਦਰ ਗਰਗ, ਪਵਨ ਜਿੰਦਲ, ਰਾਜ ਝੁਨੀਰ, ਮੇਜਰ ਸਿੰਘ, ਰਿਸ਼ੀ ਪਾਲ , ਪ੍ਰਿਤਪਾਲ ਸਿੰਘ , ਸੰਜੀਵ ਕੁਮਾਰ. ਸਮੇਤ ਬਹੁਤ ਸਾਰੇ ਮੈਂਬਰ ਹਾਜ਼ਰ ਸਨ।

