
ਸੰਜੀਵ ਜਿੰਦਲ
ਮਾਨਸਾ, 27 ਫਰਵਰੀ 2025 : ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿੱਚ ਖਾਲੀ ਪਈਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਆਂ ਖਾਲੀ ਕੁਰਸੀਆਂ ਨੂੰ ਭਰਨ ਦਾ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਮਾਨਸਾ ਜ਼ਿਲ੍ਹੇ ਦੀਆਂ ਦੋ ਮਾਰਕੀਟ ਕਮੇਟੀਆਂ ਦੀ ਚੇਅਰਮੈਨੀ ਆਪ ਦੇ ਆਮ ਵਰਕਰਾਂ ਨੂੰ ਦਿੱਤੀ ਗਈ।
ਪਾਰਟੀ ਖੇਮੇ ਅਤੇ ਜ਼ਿਲ੍ਹਾ ਮਾਨਸਾ ’ਚ ਇਨ੍ਹਾਂ ਚੇਅਰਮੈਨੀਆਂ ਨੂੰ ਲੈ ਕੇ ਚਰਚਾ ਜ਼ੋਰਾਂ ’ਤੇ ਹੈ। ਮਾਸਟਰ ਵਰਿੰਦਰ ਸੋਨੀ ਨੂੰ ਮਾਰਕੀਟ ਕਮੇਟੀ ਭੀਖੀ ਦੀ ਚੇਅਰਮੈਨੀ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਲਈ ਸਾਈਕਲ ’ਤੇ ਪ੍ਰਚਾਰ ਕਰਨ ਵਾਲੇ ਅਤੇ ਕਿਸੇ ਵੇਲੇ ਪ੍ਰਾਈਵੇਟ ਸਕੂਲ ਚਲਾ ਕੇ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਉਹ ਸਟੇਟ ਐਵਾਰਡੀ ਵੀ ਹਨ, ਜਿਨ੍ਹਾਂ ਦੀ ਇੱਕ ਸੜਕ ਹਾਦਸੇ ’ਚ ਛੋਟੇ ਹੁੰਦਿਆਂ ਖੱਬੀ ਬਾਂਹ ਕੱਟੀ ਗਈ ਸੀ।
ਸਾਲ 2012 ਤੋਂ ਉਨ੍ਹਾਂ ਨੇ ‘ਆਪ’ ਲਈ ਕੰਮ ਕਰਨ ਸ਼ੁਰੂ ਕੀਤਾ। ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਵਰਿੰਦਰ ਸੋਨੀ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਨੇ ਉਨ੍ਹਾਂ ਨੂੰ ਜੋ ਮਾਣ ਬਖ਼ਸ਼ਿਆ ਹੈ, ਉਸ ਵਿੱਚ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਉਨ੍ਹਾਂ ਨੇ ਇੱਕ ਆਮ ਆਦਮੀ ਨੂੰ ਚੇਅਰਮੈਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਾ ਕੋਈ ਸਿਫਾਰਸ਼, ਨਾ ਕੋਈ ਪੈਸਾ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਜੱਦੋ-ਜਹਿਦ। ਉਨ੍ਹਾਂ ਨੇ ਪਾਰਟੀ ਵੱਲੋਂ ਦਿੱਤੀ ਗਈ ਇੱਕ ਵੱਡੀ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਗੱਲ ਆਖੀ।
ਉਹਨਾਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਸਰਕਾਰ ਨੇ ਇੱਕ ਆਮ ਆਦਮੀ ਦੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ ਤੇ ਮੇਰੇ ਵਰਗੇ ਨਿਮਾਣਿਆਂ ਨੂੰ ਮਾਨ ਬਖਸ਼ ਕੇ ਬਹੁਤ ਵੱਡਾ ਸਨਮਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਨੂੰ, ਜੋ ਚੇਅਰਮੈਨੀ ਦੀ ਕੁਰਸੀ ਦਿੱਤੀ ਹੈ, ਉਹ ਸਾਡੇ ਸਨਮਾਨ ਵਿੱਚ ਪੱਬਾਂ ਭਾਰ ਹੋਣ ਵਰਗਾ ਰੁਤਬਾ ਹੈ ਅਤੇ ਉਹ ਇਸ ’ਤੇ ਸਰਕਾਰ ਦੀਆਂ ਨੀਤੀਆਂ ਮੁਤਾਬਕ ਲੋਕ ਹਿੱਤਾਂ ਲਈ ਤਨਦੇਹੀ ਨਾਲ ਕੰਮ ਕਰਨਗੇ।

