ਬਿਊਰੋ, ਪ੍ਰਾਈਮ ਪੋਸਟ ਪੰਜਾਬ

ਲੁਧਿਆਣਾ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਦੇ ਧਨਾਨਸੂ ਵਿੱਚ ਰੈਲੀ ਕਰਨਗੇ। ਇਸ ਦੌਰਾਨ ਉਹ ਲੋਕਾਂ ਨੂੰ 43 ਤਰ੍ਹਾਂ ਦੀਆਂ ਸਹੂਲਤਾਂ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ ਦੀ ਯੋਜਨਾ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਜਾਮ ਤੋਂ ਬਚਾਉਣ ਲਈ ਰੂਟ ਪਲਾਨ ਵੀ ਜਾਰੀ ਕੀਤਾ ਹੈ।
ਲੁਧਿਆਣਾ ਪੁਲਿਸ ਅਨੁਸਾਰ ਮੁੱਖ ਮੰਤਰੀ ਦੀ ਰੈਲੀ ਕਾਰਨ ਚਾਰੇ ਮੁੱਖ ਮਾਰਗ ਜਾਮ ਕੀਤੇ ਜਾਣਗੇ। ਸਮਰਾਲਾ ਚੌਕ ਤੋਂ ਕੋਹਾੜਾ ਰੋਡ, ਸਾਹਨੇਵਾਲ ਤੋਂ ਕੋਹਾੜਾ ਰੋਡ, ਨੀਲੋਂ ਤੋਂ ਕੋਹਾੜਾ-ਘਣਾਨਸੂ ਰੋਡ ਤੇ ਦੱਖਣੀ ਬਾਈਪਾਸ ਪ੍ਰਭਾਵਿਤ ਹੋਣਗੇ। ਰੈਲੀ ਵਿੱਚ ਸ਼ਾਮਲ ਹੋਣ ਲਈ ਵਰਕਰ 1800 ਬੱਸਾਂ ਵਿੱਚ ਪਹੁੰਚਣਗੇ।
– ਸਮਰਾਲਾ ਚੌਕ ਤੋਂ ਚੰਡੀਗੜ੍ਹ ਵੱਲ ਜਾਣ ਵਾਲਾ ਟਰੈਫਿਕ ਸ਼ੇਰਪੁਰ ਚੌਕ ਤੋਂ ਦੋਰਾਹਾ ਤੇ ਫਿਰ ਨੀਲੋਂ ਵਾਲੇ ਪਾਸੇ ਤੋਂ ਚੰਡੀਗੜ੍ਹ ਵੱਲ ਜਾਵੇਗਾ।
– ਸਾਹਨੇਵਾਲ ਚੌਕ ਤੋਂ ਕੋਹਾੜਾ ਵਾਲੇ ਪਾਸੇ ਜਾਣ ਵਾਲੀ ਟਰੈਫਿਕ ਨੀਲੋਂ ਤੋਂ ਕਟਾਣੀ ਕਲਾਂ ਤੋਂ ਹੋ ਕੇ ਭੈਣੀ ਸਾਹਿਬ ਤੋਂ ਕੋਹਾੜਾ-ਮਾਛੀਵਾੜਾ ਰੋਡ ’ਤੇ ਜਾਵੇਗੀ।
ਚੰਡੀਗੜ੍ਹ ਵਾਲੇ ਪਾਸੇ ਤੋਂ ਲੁਧਿਆਣਾ ਸ਼ਹਿਰ ਵੱਲ ਆਉਣ ਵਾਲਾ ਟਰੈਫ਼ਿਕ ਦੋਰਾਹਾ ਬਾਈਪਾਸ ਤੋਂ ਨੀਲੋ ਨਹਿਰ ਰਾਹੀਂ ਲੁਧਿਆਣਾ ਸ਼ਹਿਰ ਵੱਲ ਆਵੇਗਾ।
– ਮਾਛੀਵਾੜਾ ਸਾਈਡ ਤੋਂ ਲੁਧਿਆਣਾ ਸ਼ਹਿਰ ਵੱਲ ਆਉਣ ਵਾਲਾ ਟਰੈਫਿਕ ਸਾਹਨੇਵਾਲ ਪੁਲ ਤੋਂ ਦੋਰਾਹਾ ਵਾਇਆ ਨੀਲੋ ਤੋਂ ਹੁੰਦਾ ਹੋਇਆ ਲੁਧਿਆਣਾ ਸ਼ਹਿਰ ਆਵੇਗਾ।
– ਡੇਹਲੋਂ ਵਾਲੇ ਪਾਸੇ ਤੋਂ ਟਿੱਬਾ ਨਹਿਰ ਦੇ ਪੁਲ ਤੋਂ ਆਉਣ ਵਾਲੀ ਟਰੈਫਿਕ ਦੋਰਾਹਾ ਬਾਈਪਾਸ ਰਾਹੀਂ ਦਿੱਲੀ ਹਾਈਵੇ ਜਾਂ ਦੋਰਾਹਾ ਰੋਡ ਰਾਹੀਂ ਆਵੇਗੀ।
– ਵੇਰਕਾ ਕੱਟ ਤੋਂ ਟਿੱਬਾ ਨਹਿਰ ਪੁਲ ਵਾਲੇ ਪਾਸੇ ਜਾਣ ਵਾਲੀ ਆਮ ਆਵਾਜਾਈ ਜਗਰਾਓਂ ਪੁਲ ਰਾਹੀਂ ਭਾਰਤ ਨਗਰ ਚੌਕ ਤੋਂ ਆਵੇਗੀ।
– ਸਮਰਾਲਾ ਚੌਕ ਵਾਲੇ ਪਾਸੇ ਤੋਂ ਆਉਣ ਵਾਲੀ ਟਰੈਫਿਕ ਦਿੱਲੀ ਹਾਈਵੇਅ ਰਾਹੀਂ ਲੁਧਿਆਣਾ ਏਅਰਪੋਰਟ ਰੋਡ ਰਾਹੀਂ ਜਾਵੇਗੀ।



