ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 22 ਨਵੰਬਰ 2023 : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਜ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ‘ਚ 15 ਥਾਵਾਂ ‘ਤੇ ਛਾਪੇਮਾਰੀ ਕੀਤੀ। NIA ਦੀ ਛਾਪੇਮਾਰੀ ਨੂੰ ਖਾਲਿਸਤਾਨੀ ਸਮਰਥਕਾਂ ਵੱਲੋਂ ਸਾਨਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ‘ਤੇ ਕੀਤੇ ਗਏ ਹਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਹ ਛਾਪੇਮਾਰੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਪੰਜਾਬ ‘ਚ ਸਾਥੀ ਦੇ ਘਰ ਹੋਈ ਹੈ। ਫਿਲਹਾਲ NIA ਵੱਲੋਂ ਛਾਪੇਮਾਰੀ ਸਬੰਧੀ ਕੋਈ ਰਸਮੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਗੁਰਦਾਸਪੁਰ ਦੇ ਪਿੰਡ ਬੁੱਲੇਵਾਲ ਵਿੱਚ ਛਾਪੇਮਾਰੀ ਕੀਤੀ ਗਈ। ਇੱਥੇ ਐਨਆਈਏ ਦੀ ਟੀਮ ਨੇ ਕ੍ਰਿਪਾਲ ਸਿੰਘ ਦੇ ਘਰ ਦੀ ਜਾਂਚ ਕੀਤੀ। ਸੂਤਰਾਂ ਅਨੁਸਾਰ ਕ੍ਰਿਪਾਲ ਸਿੰਘ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦਾ ਸਾਥੀ ਦੱਸਿਆ ਜਾਂਦਾ ਹੈ।
ਅੱਜ ਬੁੱਧਵਾਰ ਸਵੇਰੇ ਜਾਂਚ ਏਜੰਸੀ ਨੇ ਮੋਗਾ ਦੇ ਚੜਿੱਕ ਦੇ ਪਿੰਡ ਝੰਡੇਵਾਲਾ ਵਿੱਚ ਗੁਰਲਾਭ ਸਿੰਘ ਦੇ ਘਰ ਛਾਪਾ ਮਾਰਿਆ। ਐਨਆਈਏ ਦੇ ਨਾਲ ਸਥਾਨਕ ਪੁਲਿਸ ਵੀ ਮੌਜੂਦ ਸੀ। ਟੀਮ ਨੇ ਗੁਰਲਾਭ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ। ਜਾਂਚ ਏਜੰਸੀ ਨੇ ਉਸ ਨੂੰ 24 ਨਵੰਬਰ ਨੂੰ ਚੰਡੀਗੜ੍ਹ ਬੁਲਾਇਆ ਹੈ।
ਲੁਧਿਆਣਾ ਦੇ ਖੰਨਾ ‘ਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਕਰੀਬੀ ਰਹੇ ਲੋਕ ਇਨਸਾਫ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੀਆਰ ਕੰਗ ਦੇ ਘਰ ਅਤੇ ਨਸ਼ਾ ਛੁਡਾਊ ਕੇਂਦਰ ‘ਤੇ ਛਾਪਾ ਮਾਰਿਆ ਗਿਆ। NIA ਦੀ ਟੀਮ ਸਵੇਰੇ ਕਰੀਬ 6 ਵਜੇ ਪਿੰਡ ਬਾਹੋਮਾਜਰਾ ਸਥਿਤ ਸੀਆਰ ਕੰਗ ਦੇ ਘਰ ਪਹੁੰਚੀ।ਉੱਥੇ ਕਰੀਬ 3 ਘੰਟੇ ਤੱਕ ਲੰਬੀ ਜਾਂਚ ਚੱਲੀ। ਕੰਗ ਦੇ ਵਿਦੇਸ਼ੀ ਸਬੰਧਾਂ ਦੀ ਜਾਂਚ ਕੀਤੀ ਗਈ। ਉਥੇ ਪੁੱਛਗਿੱਛ ਤੋਂ ਬਾਅਦ ਐਨਆਈਏ ਦੀ ਟੀਮ ਸੀਆਰ ਦੇ ਨਾਲ ਜੀਟੀ ਰੋਡ ਭੱਟੀਆਂ ਸਥਿਤ ਉਸਦੇ ਨਸ਼ਾ ਛੁਡਾਊ ਕੇਂਦਰ ਪਹੁੰਚੀ। ਇੱਥੇ ਵੀ ਕਰੀਬ ਅੱਧਾ ਘੰਟਾ ਜਾਂਚ ਚੱਲੀ।

