ਬਿਊਰੋ, ਪ੍ਰਾਈਮ ਪੋਸਟ ਪੰਜਾਬ
ਅੰਮ੍ਰਿਤਸਰ : ਅੰਮ੍ਰਿਤਸਰ ਬ੍ਰਾਂਚ ‘ਚ ਤਾਇਨਾਤ ਸੀਨੀਅਰ ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮੁਲਾਜ਼ਮ ਦੀ ਪਛਾਣ ਰਮਿੰਦਰਪਾਲ ਸਿੰਘ ਉਰਫ਼ ਸੰਨੀ (32) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਸ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ।ਗੋਲੀ ਦੀ ਆਵਾਜ਼ ਸੁਣਦੇ ਹੀ ਉਸ ਦੀ ਪਤਨੀ ਉਸ ਵੱਲ ਭੱਜੀ। ਜਦੋਂ ਉਸਨੇ ਦੇਖਿਆ ਤਾਂ ਉਸਦਾ ਪਤੀ ਖੂਨ ਨਾਲ ਲੱਥਪੱਥ ਪਿਆ ਸੀ। ਉਹ ਮੌਕੇ ‘ਤੇ ਮ੍ਰਿਤਕ ਪਾਇਆ ਗਿਆ। ਜਿਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਰਮਿੰਦਰਪਾਲ ਦੀ ਪਤਨੀ ਆਪਣੇ ਬੱਚਿਆਂ ਨਾਲ ਦੂਜੇ ਕਮਰੇ ਵਿੱਚ ਸੌਂ ਰਹੀ ਸੀ ਜਦੋਂ ਰਾਤ ਕਰੀਬ 12 ਵਜੇ ਅਚਾਨਕ ਉਸ ਨੂੰ ਰਮਿੰਦਰਪਾਲ ਦੇ ਕਮਰੇ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਭੱਜ ਕੇ ਆਈ ਉਸ ਨੇ ਕਮਰੇ ਵਿੱਚ ਰਮਿੰਦਰ ਪਾਲ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਪਾਇਆ। ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਛੇਹਰਟਾ ਦੇ ਮੁੱਖ ਸਬ ਇੰਸਪੈਕਟਰ ਨਿਸ਼ਾਨ ਸਿੰਘ ਅਨੁਸਾਰ ਮ੍ਰਿਤਕ ਰਮਿੰਦਰਪਾਲ ਸਿੰਘ ਗੁਰੂ ਕੀ ਵਡਾਲੀ ਦਾ ਰਹਿਣ ਵਾਲਾ ਸੀ ਅਤੇ ਅਸਲਾ ਬਰਾਂਚ ਵਿੱਚ ਕੰਮ ਕਰਦਾ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

