ਬਿਊਰੋ, ਪ੍ਰਾਈਮ ਪੋਸਟ ਪੰਜਾਬ
ਅੰਮ੍ਰਿਤਸਰ : ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੀ ਪ੍ਰਸਾਰਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ‘ਆਪ’ ਵਿਚਾਲੇ ਖਿੱਚੋਤਾਣ ਜਾਰੀ ਹੈ। ਹੁਣ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਸੀਐਮ ਭਗਵੰਤ ਮਾਨ ਨੂੰ ਘੇਰਿਆ ਹੈ। ਬਿਕਰਮ ਮਜੀਠੀਆ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇੱਕ ਵੀਡੀਓ ਟਵੀਟ ਕਰਕੇ ਭਗਵੰਤ ਮਾਨ ‘ਤੇ ਤਿੱਖਾ ਹਮਲਾ ਕੀਤਾ ਹੈ।
ਮਜੀਠੀਆ ਨੇ ਕਿਹਾ ਹੈ ਕਿ ਵਿਰਾਸਤ ਮਾਰਗ ‘ਤੇ ਗੁਰਬਾਣੀ ਦੇ ਪ੍ਰਸਾਰਣ ਲਈ ਲਾਈਆਂ ਸਕਰੀਨਾਂ ‘ਤੇ ਸਰਕਾਰ ਦੇ ਇਸ਼ਤਿਹਾਰ ਚੱਲ ਰਹੇ ਹਨ। ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ- ਜਿੱਥੇ ਗੁਰਬਾਣੀ ਪ੍ਰਸਾਰਨ ਹੁੰਦਾ ਸੀ, ਉੱਥੇ ਆਪ ਸਰਕਾਰ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਹਨ। ਕੀ ਇਸੇ ਬਦਲਾਅ ਦਾ ਵਾਅਦਾ ਕੀਤਾ ਸੀ CM ਸਾਬ ?

ਜਿੱਥੇ ਗੁਰਬਾਣੀ ਪ੍ਰਸਾਰਨ ਹੁੰਦਾ ਸੀ ਉਥੇ ਆਪ ਸਰਕਾਰ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਹਨ। ਕੀ ਇਸੇ ਬਦਲਾਅ ਦਾ ਵਾਅਦਾ ਕੀਤਾ ਸੀ CM ਸਾਬ? pic.twitter.com/GX9J9hEbOx— Bikram Singh Majithia (@bsmajithia) August 3, 2023
ਬਿਕਰਮ ਮਜੀਠੀਆ ਵੱਲੋਂ ਸ਼ੇਅਰ ਕੀਤੀ ਗਈ ਇਹ ਵੀਡੀਓ ਸ਼ਾਮ ਦੇ ਸਮੇਂ ਦੀ ਦੱਸੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੀ ਮੁਫਤ ਬੱਸ ਸੇਵਾ ਦੀਆਂ ਬੱਸਾਂ ਵੀ ਵਿਰਾਸਤੀ ਮਾਰਗ ’ਤੇ ਖੜ੍ਹੀਆਂ ਦਿਖਾਈ ਦੇ ਰਹੀਆਂ ਹਨ। ਜਦੋਂਕਿ ਇਹ ਵੀਡੀਓ ਬਣਾਉਣ ਵਾਲਾ ਵਿਅਕਤੀ ਸਾਰਾਗੜ੍ਹੀ ਪਾਰਕਿੰਗ ਦੇ ਬਾਹਰ ਲੱਗੀਆਂ ਵੱਡੀਆਂ ਸਕਰੀਨਾਂ ਵੱਲ ਇਸ਼ਾਰਾ ਕਰਦਾ ਹੈ ਜਿਸ ‘ਤੇ ਪੰਜਾਬ ਸਰਕਾਰ ਦੇ ਇਸ਼ਤਿਹਾਰ ਚੱਲ ਰਹੇ ਹਨ।

ਮਜੀਠੀਆ ਨੇ ਇਸ ਟਵੀਟ ਤੇ ਵੀਡੀਓ ਰਾਹੀਂ ਦੋਸ਼ ਲਾਇਆ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਗੁਰਬਾਣੀ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਗੱਲ ਕਰ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਪਿਛਲੀਆਂ ਸਰਕਾਰਾਂ ਵੱਲੋਂ ਵਿਰਾਸਤੀ ਮਾਰਗਾਂ ‘ਤੇ ਆਉਣ-ਜਾਣ ਵਾਲੇ ਲੋਕਾਂ ਦੀ ਸਹੂਲਤ ਲਈ ਗੁਰਬਾਣੀ ਪ੍ਰਸਾਰਣ ਸੁਣਨ ਤੇ ਦੇਖਣ ਲਈ ਲਗਾਈਆਂ ਸਕਰੀਨਾਂ ‘ਤੇ ਗੁਰਬਾਣੀ ਦਾ ਪ੍ਰਸਾਰਣ ਰੋਕ ਕੇ ਇਸ਼ਤਿਹਾਰ ਚਲਾਏ ਜਾ ਰਹੇ ਹਨ।

