ਸੰਜੀਵ ਜਿੰਦਲ
ਸਰਦੂਲਗੜ੍ਹ, 20 ਜੁਲਾਈ 2023 : ਪੰਜਾਬ ਅਤੇ ਹਰਿਆਣਾ ਸਣੇ ਉੱਤਰੀ ਭਾਰਤ ’ਚ ਪਿਛਲੇ ਦਿਨੀਂ ਪਏ ਮੀਂਹ ਤੋਂ ਬਾਅਦ ਘੱਗਰ ਦਰਿਆ ਲੋਕਾਂ ਲਈ ਆਫ਼ਤ ਬਣਦਾ ਜਾ ਰਿਹਾ ਹੈ ਜਿਸ ਨੇ ਕਈ ਸ਼ਹਿਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਬੀਤੇ ਦਿਨ ਸਰਦੂਲਗੜ੍ਹ ਨਜ਼ਦੀਕ ਫੂਸ ਮੰਡੀ ਵਿੱਚੋਂ ਲੰਘਦੇ ਦਰਿਆ ਵਿੱਚ ਪਾੜ ਪੈਣ ਕਰਕੇ ਘੱਗਰ ਦਾ ਪਾਣੀ ਸ਼ਹਿਰ ਤੱਕ ਪਹੁੰਚ ਗਿਆ ਹੈ। ਭਾਵੇਂ ਲੋਕਾਂ ਨੇ ਸ਼ਹਿਰ ਵਿੱਚ ਪਾਣੀ ਦੇ ਦਾਖ਼ਲ ਨੂੰ ਰੋਕਣ ਲਈ ਮਾਨਸਾ-ਸਿਰਸਾ ਕੌਮੀ ਮਾਰਗ ’ਤੇ ਬੰਨ੍ਹ ਤੱਕ ਮਾਰ ਦਿੱਤਾ ਹੈ ਪਰ ਤੇਜ਼ ਵਹਾਅ ਕਰਕੇ ਪਾਣੀ ਨੇ ਸ਼ਹਿਰ ਦੇ ਆਲੇ-ਦੁਆਲੇ ਦੇ ਸਾਰੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸਰਦੂਲਗੜ੍ਹ ਵਿੱਚ ਐੱਫਸੀਆਈ ਦੇ ਗੁਦਾਮ ’ਚ ਪਾਣੀ ਦਾਖ਼ਲ ਹੋਣ ਕਾਰਨ ਕਣਕ ਤੇ ਝੋਨੇ ਦੇ ਲੱਖਾਂ ਗੱਟੇ ਪਾਣੀ ਵਿੱਚ ਡੁੱਬ ਗਏ ਹਨ।

