ਭਵਿੱਖ ਵਿੱਚ ਸੰਘਰਸ਼ ਹੋਰ ਤਿੱਖਾ ਕਰਾਂਗੇ – ਰਣਜੀਤ ਕੌਰ ਬਰੇਟਾ
By: Prime Post Punjab
ਬੁਢਲਾਡਾ (ਦਵਿੰਦਰ ਸਿੰਘ ਕੋਹਲੀ) : ਅੱਜ ਇੱਥੇ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਪੰਜਾਬ ਬਲਾਕ ਬੁਢਲਾਡਾ ਦੀ ਇਕਾਈ ਵੱਲੋਂ ਜਿਲ੍ਹਾ ਪ੍ਰਧਾਨ ਰਣਜੀਤ ਕੌਰ ਬਰੇਟਾ ਦੀ ਅਗਵਾਈ ਵਿੱਚ ਸਥਾਨਕ ਸੀ.ਡੀ.ਪੀ.ਓ.ਦਫ਼ਤਰ ਵਿਖੇ ਰੋਸ ਧਰਨਾ ਦਿੱਤਾ। ਧਰਨਾਕਾਰੀ ਆਂਗਣਵਾੜੀ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਆਂਗਣਵਾੜੀ ਕੇਂਦਰਾਂ ਨੂੰ ਲਗਾਤਾਰ ਅੱਖੋਂ ਪਰੋਖੇ ਕਰ ਰਹੀਆਂ ਹਨ।
ਇਸ ਮੌਕੇ ਜਥੇਬੰਦੀ ਦੀ ਜਿਲ੍ਹਾ ਮਾਨਸਾ ਦੀ ਪ੍ਰਧਾਨ ਰਣਜੀਤ ਕੌਰ ਬਰੇਟਾ , ਸਕੱਤਰ ਤੇਜਿੰਦਰ ਵਾਲੀਆ , ਪਰਵਿੰਦਰ ਕੌਰ ਅਤੇ ਖਜ਼ਾਨਚੀ ਡੇਜੀ ਗੁਪਤਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਸੰਨ 1975 ਤੋਂ ਆਈ.ਸੀ.ਡੀ.ਐਸ. ਸਕੀਮ ਅਧੀਨ 0 ਤੋਂ 6 ਸਾਲ ਦੇ ਬੱਚਿਆਂ ਦੇ ਚਹੁੰਪੱਖੀ ਵਿਕਾਸ ਲਈ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਪੂਰੀ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ ਅਤੇ ਅੰਕੜੇ ਇਸ ਦੀ ਗਵਾਹੀ ਭਰਦੇ ਹਨ ਕਿ ਇਸ ਸਕੀਮ ਨੇ ਬਾਵਜੂਦ ਆਂਗਣਵਾੜੀ ਕੇਂਦਰਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਦੇ ਸਾਰਥਿਕ ਨਤੀਜੇ ਕੱਢੇ ਹਨ। ਆਗੂਆਂ ਨੇ ਕਿਹਾ ਕਿ ਪਰ ਸਰਕਾਰਾਂ ਆਂਗਣਵਾੜੀ ਕੇਂਦਰਾਂ ਵਿੱਚ ਬੁਨਿਆਦੀ ਸਹੂਲਤਾਂ ਜਿਵੇਂ ਇਮਾਰਤਾਂ , ਪੀਣ ਦਾ ਪਾਣੀ , ਬਿਜਲੀ ਪ੍ਰਬੰਧ , ਪੱਖਿਆਂ , ਪਖਾਨਿਆਂ ਆਦਿ ਤੋਂ ਵਾਂਝੇ ਹਨ ਅਤੇ ਦਰੀਆਂ , ਭਾਂਡੇ ਵੀ ਲੰਬੇ ਸਮੇਂ ਤੋਂ ਨਹੀਂ ਮਿਲ ਰਹੇ।
ਆਂਗਣਵਾੜੀ ਆਗੂਆਂ ਨੇ ਕਿਹਾ ਕਿ ਲਾਭਪਾਤਰੀਆਂ ਦੀ ਫੀਡ ਵਧਾਉਣ ਦੀ ਬਜਾਏ ਫੀਡ ਦੀ ਮਾਤਰਾ ਅੱਧੀ ਕਰ ਦਿੱਤੀ ਹੈ ਹਾਲਾਂਕਿ ਖਾਦ ਪਦਾਰਥਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਬੱਚਿਆਂ ਲਈ ਪਰੀ-ਸਕੂਲ ਕਿੱਟਾਂ ਲੰਬੇ ਸਮੇਂ ਤੋਂ ਨਹੀਂ ਖਰੀਦੀਆਂ ਗਈਆਂ। ਮੁੱਢਲੀ ਸਹਾਇਤਾ ਲਈ ਮੈਡੀਕਲ ਕਿੱਟਾਂ ਵੀ ਨਹੀਂ ਖਰੀਦੀਆਂ ਜਾ ਰਹੀਆਂ। ਆਗੂਆਂ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਮਾਣਭੱਤਾ ਵੀ ਨਹੀਂ ਦਿੱਤਾ ਗਿਆ ਜਿਸ ਕਾਰਨ ਜਿਆਦਾਤਰ ਆਂਗਣਵਾੜੀ ਮੁਲਾਜ਼ਮਾਂ ਨੂੰ ਆਪਣਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਰਿਹਾ ਹੈ।ਇਸ ਤੋਂ ਬਿਨਾਂ ਜੋ ਆਂਗਣਵਾੜੀ ਕੇਂਦਰ ਕਿਰਾਏ ਦੀਆਂ ਇਮਾਰਤਾਂ ਵਿੱਚ ਚੱਲਦੇ ਹਨ ਉਨ੍ਹਾਂ ਨੂੰ ਪਿਛਲੇ ਦੋ ਸਾਲਾਂ ਤੋਂ ਕਿਰਾਇਆ ਨਹੀਂ ਦਿੱਤਾ ਜਾ ਰਿਹਾ। ਇੰਨਾਂ ਇਮਾਰਤਾਂ ਦੇ ਮਾਲਕਾਂ ਦੁਆਰਾ ਇਮਾਰਤਾਂ ਨੂੰ ਖਾਲੀ ਕਰਨ ਦੇ ਨੋਟਿਸਾਂ ਕਾਰਨ ਆਂਗਣਵਾੜੀ ਵਰਕਰਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਨੇ ਆਂਗਣਵਾੜੀ ਕੇਂਦਰਾਂ ਵਿੱਚ ਇੰਨਾਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਨਾ ਕੀਤਾ ਤਾਂ ਜਥੇਬੰਦੀ ਭਵਿੱਖ ਵਿੱਚ ਸੰਘਰਸ਼ ਹੋਰ ਤਿੱਖੇ ਰੂਪ ਵਿੱਚ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਕਿਹਾ ਕਿ 10 ਜੁਲਾਈ ਮੰਗ ਦਿਵਸ ਨੂੰ ਦੇਸ਼ ਭਰ ਵਿੱਚ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ।

